India

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਖ਼ਿਲਾਫ਼ FIR ਦਰਜ,ਆਹ ਲੱਗਿਆ ਇਲਜ਼ਾਮ

ਚਿਤੌੜਗੜ੍ਹ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਖ਼ਿਲਾਫ਼ FIR ਦਰਜ ਹੋਈ ਹੈ । ਜਿਸ ਪਿੱਛੇ ਇਹ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 27 ਅਪ੍ਰੈਲ ਨੂੰ ਭਾਜਪਾ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ‘ਰਾਜਨੀਤੀ ਦਾ ਰਾਵਣ’ ਕਿਹਾ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ ਸੀ। ਇਸ ਬਿਆਨ ਮਗਰੋਂ ਸੀਐਮ ਅਸ਼ੋਕ ਗਹਿਲੋਤ ਨੇ ਵੀ ਉਨ੍ਹਾਂ ਦੇ ਬਿਆਨ ‘ਤੇ ਪਲਟਵਾਰ ਕੀਤਾ ਸੀ।

ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿਚ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹੈਰੀਟੇਜ ਕੰਜ਼ਰਵੇਸ਼ਨ ਅਥਾਰਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਜਾੜਾਵਤ ਦੀ ਤਰਫੋਂ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਸ਼ੋਕ ਗਹਿਲੋਤ  ਸਰਕਾਰ ਵਿੱਚ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਸੁਰਿੰਦਰ ਸਿੰਘ ਜਾੜਾਵਤ ਨੇ ਕੇਂਦਰੀ ਮੰਤਰੀ ਸ਼ੇਖਾਵਤ ‘ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਚਿਤੌੜਗੜ੍ਹ ਦੇ ਸਦਰ ਥਾਣਾ ਪੁਲਿਸ ਨੇ ਸ਼ਿਕਾਇਤ ‘ਤੇ ਸ਼ੇਖਾਵਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸ਼ੇਖਾਵਤ ਦੇ ਖਿਲਾਫ ਸਦਰ ਥਾਣਾ ਚਿਤੌੜਗੜ੍ਹ ‘ਚ ਧਾਰਾ 143, 153-ਏ, 295 ਏ, 500, 504, 505 (2) ਅਤੇ 511 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।