Punjab

ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ 11 ਘਰਾਂ ਦੇ ਬੁਝੇ ਦੀਵੇ , ਬਚਾਅ ਕਾਰਜ ਜਾਰੀ…

11 dead due to gas leak in Ludhiana rescue operations continue...

ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਐਤਵਾਰ ਸਵੇਰੇ ਗੈਸ ਲੀਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ। ਮਰਨ ਵਾਲਿਆਂ ਵਿੱਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਬਣੇ ਦੁੱਧ ਦੇ ਬੂਥ ਵਿੱਚ ਵਾਪਰਿਆ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ। ਅਧਿਕਾਰੀ ਨੇ ਦੱਸਿਆ ਕਿ 200 ਤੋਂ 300 ਮੀਟਰ ਇਲਾਕਾ ਖਾਲੀ ਕਰਵਾਇਆ ਗਿਆ ਹੈ ਤੇ ਮੌਕੇ ’ਤੇ ਐਨ ਡੀ ਆਰ ਐਫ ਦੀ ਟੀਮ ਸੱਦੀ ਗਈ ਹੈ। ਇਸਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸੱਦੀ ਗਈ ਹੈ।

ਘਟਨਾ ਤੋਂ ਬਾਅਦ ਮੈਡੀਕਲ, ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੀਮਾਰ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਇੱਥੋਂ ਦੀ ਵਿਧਾਇਕਾ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਮਾਰਤ ਵਿੱਚ ਦੁੱਧ ਦਾ ਬੂਥ ਖੁੱਲ੍ਹਾ ਸੀ ਅਤੇ ਜੋ ਵੀ ਸਵੇਰੇ ਦੁੱਧ ਲੈਣ ਲਈ ਇੱਥੇ ਗਿਆ ਉਹ ਬੇਹੋਸ਼ ਹੋ ਗਿਆ। ਪ੍ਰਸ਼ਾਸਨ ਨੇ ਇਮਾਰਤ ਦੇ ਆਲੇ-ਦੁਆਲੇ ਦੇ ਇੱਕ ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।

ਰਿਹਾਇਸ਼ੀ ਇਲਾਕੇ ਵਿੱਚ ਬਣੀ ਇਸ ਇਮਾਰਤ ਦੇ 300 ਮੀਟਰ ਦੇ ਘੇਰੇ ਅੰਦਰ ਕਈ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ। ਆਸ-ਪਾਸ ਦੇ ਘਰਾਂ ਅਤੇ ਢਾਬਿਆਂ ਦੇ ਲੋਕ ਵੀ ਬੇਹੋਸ਼ ਹੋ ਗਏ ਹਨ। ਪ੍ਰਸ਼ਾਸਨ ਨੇ ਡਰੋਨ ਦੀ ਮਦਦ ਨਾਲ ਆਸਪਾਸ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਇਹ ਘਟਨਾ ਵਾਪਰੀ ਸੀ, ਉਸ ਤੋਂ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਇਲਾਕੇ ਦੇ ਰਹਿਣ ਵਾਲੇ ਕਪਿਲ ਕੁਮਾਰ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਪਿਲ ਨੇ ਦੱਸਿਆ ਕਿ ਜਦੋਂ ਗੈਸ ਲੀਕ ਹੋਈ ਤਾਂ ਪਰਿਵਾਰਕ ਮੈਂਬਰ ਸੌਂ ਰਹੇ ਸਨ। ਇਸ ਦੇ ਨਾਲ ਹੀ ਗੈਸ ਦੇ ਪ੍ਰਭਾਵ ਕਾਰਨ ਉਸ ਦੀ ਮੌਤ ਹੋ ਗਈ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਲਾਕੇ ਵਿੱਚ ਕਿਹੜੀ ਗੈਸ ਲੀਕ ਹੋਈ ਅਤੇ ਇਸ ਦਾ ਕਾਰਨ ਕੀ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ‘ਚ ਗੈਸ ਦੀ ਬਦਬੂ ਸੀਵਰੇਜ ਦੀ ਗੈਸ ਵਰਗੀ ਪਾਈ ਗਈ ਹੈ। ਹੁਣ ਗੈਸ ਦੀ ਜਾਂਚ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ।

ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਸੀਵਰ ਵਿੱਚ ਤੇਜ਼ਾਬ ਪੈਣ ਕਾਰਨ ਅਜਿਹਾ ਹੋ ਸਕਦਾ ਹੈ ਜਾਂ ਅੰਦਰ ਕੋਈ ਕੈਮੀਕਲ ਮੌਜੂਦ ਹੋਣਾ ਇਸ ਗੈਸ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ ਜਾਂਚ ਤੋਂ ਬਾਅਦ ਹੀ ਰਸਮੀ ਤੌਰ ‘ਤੇ ਕੁਝ ਕਿਹਾ ਜਾ ਸਕਦਾ ਹੈ। NDRF ਦੀ ਟੀਮ ਮਾਸਕ ਪਾ ਕੇ ਇਮਾਰਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ ।  ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ । ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।