ਬਰਨਾਲਾ : ਦੇਸ਼ ਵਿੱਚ ਜਿੱਥੇ ਲੋਕ ਆਪੋ ਆਪਣੇ ਧਰਮਾਂ ਨੂੰ ਲਾ ਕੇ ਆਪਸ ਵਿੱਚ ਲੜਦੇ ਰਹਿੰਦੇ ਹਨ ਉੱਥੇ ਦੀ ਇਸ ਦੌਰ ਵਿੱਚ ਹਾਲੇ ਵੀ ਕੁਝ ਲੋਕ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਦੇਣ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਦੇਣ ਵਾਲਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਖਤਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਐੱਮ.ਐੱਡ ਨੌਜਵਾਨ ਅਮਨਦੀਪ ਸਿੰਘ ਰਵੀ ਨੇ ਪਿੰਡ ਵਿੱਚ ਪਈ ਆਪਣੀ ਕੀਮਤੀ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਮਸੀਤ ਬਨਾਉਣ ਲਈ ਦਾਨ ਕਰਕੇ ਭਾਈਚਾਰਕ ਏਕਤਾ ਦੀ ਮਿਸਾਲ ਪੈਦਾ ਕੀਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਵੱਡੇ ਗੁਰਦੁਆਰਾ ਸਾਹਿਬ ਸਮੇਤ ਕਈ ਧਾਰਮਿਕ ਸਥਾਨ ਹਨ ਪਰ ਮੁਸਲਿਮ ਭਾਈਚਾਰੇ ਦਾ ਪਿੰਡ ਵਿੱਚ ਕੋਈ ਧਾਰਮਿਕ ਸਥਾਨ ਨਾ ਹੋਣ ਕਾਰਨ ਉਨਾਂ ਨੂੰ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡ ਚੂੰਘਾਂ ਵਿਖੇ ਜਾਣਾ ਪੈਂਦਾ ਹੈ। ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਇੱਕ ਦਰਜ਼ਨ ਤੋਂ ਵੱਧ ਪਰਿਵਾਰ ਹਨ ਜਿਨ੍ਹਾਂ ਕੁਝ ਕੁੱਝ ਤੂੜੀ ਢੋਣ ਦੇ ਕਿੱਤੇ ਨਾਲ ਜੁੜੇ ਹਨ ਤੇ ਕੁਝ ਪਿੰਡ ਵਿੱਚ ਹੀ ਮਜ਼ਦੂਰੀ ਕਰਦੇ ਹਨ।
ਪਿੰਡ ਦੇ ਮੁਸਲਿਮ ਪਰਿਵਾਰਾਂ ਦੀ ਕਈ ਦਹਾਕਿਆਂ ਤੋਂ ਪਿੰਡ ਵਿੱਚ ਮਸੀਤ ਬਨਾਉਣ ਦੀ ਇੱਛਾ ਸੀ ਪਰ ਸੀਮਤ ਆਰਥਿਕ ਸਾਧਨਾਂ ਕਾਰਨ ਉਹ ਕੋਈ ਜਗ੍ਹਾ ਖਰੀਦਣ ਤੋਂ ਅਸਮਰੱਥ ਸਨ। ਮੁਸਲਿਮ ਭਾਈਚਾਰੇ ਦੀ ਭਾਵਨਾ ਨੂੰ ਸਮਝਦਿਆਂ ਅਮਨਦੀਪ ਸਿੰਘ ਰਵੀ ਨੇ ਪਿੰਡ ਵਿੱਚ ਪਿਆ ਆਪਣੇ 8 ਮਰਲੇ ਦਾ ਪਲਾਟ ਨੂੰ ਮੁਸਲਿਮ ਭਾਈਚਾਰੇ ਨੂੰ ਮਸੀਤ ਬਨਾਉਣ ਲਈ ਦਾਨ ਕਰ ਦਿੱਤਾ ਹੈ।
ਅਮਨਦੀਪ ਸਿੰਘ ਰਵੀ ਨੇ ਕਿਹਾ ਕਿ ਵੱਖ ਵੱਖ ਲੋਕ ਪੱਖੀ ਲਹਿਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਪਿੰਡ ਬਖ਼ਤਗੜ੍ਹ ਦੇ ਸੇਵਾ ਸਿੰਘ ਕਿਰਪਾਨ ਬਹਾਦਰ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਸ ਨੇ ਇਹ ਜਗ੍ਹਾ ਦਾਨ ਕੀਤੀ ਹੈ। ਰਵੀ ਨੇ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਤੇ ਅਜਿਹੇ ਸਮੇਂ ਜਦ ਕੁੱਝ ਲੋਕ ਸਿਆਸਤ ਕਰਨ ਲਈ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਤਾਂ ਸਾਡੇ ਅਜਿਹੇ ਕਦਮ ਭਾਈਚਾਰਕ ਏਕਤਾ ਮਜ਼ਬੂਤ ਕਰਨਗੇ।
ਮੁਸਲਿਮ ਭਾਈਚਾਰੇ ਦੇ ਆਗੂਆਂ ਭੋਲਾ ਖਾਨ, ਗੁਲਜ਼ਾਰ ਖਾਨ, ਰੋਸ਼ਨ ਖਾਨ ਅਤੇ ਮੁਹੰਮਦ ਨਿਜ਼ਾਮੂਦੀਨ ਨੇ ਇੱਕ ਸਿੱਖ ਪਰਿਵਾਰ ਨੇ ਇਹ ਜਗ੍ਹਾ ਦਾਨ ਕਰਨ ’ਤੇ ਖੁਸ਼ੀ ਪ੍ਰਗਟਾਈ ਹੈ।