ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ PRTC ਬੱਸ ਦੇ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਬੱਸ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਬੱਸ ਡਰਾਈਵਰ ਸਤਗੁਰ ਦੀ ਦੇਹ ਚੰਡੀਗੜ੍ਹ ਡਿਪੂ ਵਿਖੇ ਪਹੁੰਚ ਗਈ ਹੈ। ਇਸੇ ਦੌਰਾਨ ਮ੍ਰਿਤਕ ਦੇਹ ਨਾਲ ਪਰਿਵਾਰ ਵੱਲੋਂ ਸਰਕਾਰ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਮੰਗ ਕੀਤੀ ਜੀ ਰਹੀ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਅਤੇ ਮੁਆਵਜ਼ੇ ਵੱਜੋਂ 1 ਕਰੋੜ ਰੁਪਏ ਦਿੱਤੇ ਜਾਣ।
ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਤੋਂ 1 ਕਰੋੜ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 12 ਤਰੀਕ ਨੂੰ ਪਤਾ ਲੱਗਾ ਕਿ ਸਤਗੁਰ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਉਨ੍ਹਾਂ ਦਾ ਸੰਪਰਕ 9 ਤਰੀਕ ਨੂੰ ਸਤਗੁਰ ਨਾਲ ਟੁੱਟ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸਤਗੁਰ ਨੂੰ ਲਗਪਗ ਨੌਕਰੀ ਕਰਦਿਆਂ 10 ਸਾਲ ਹੋ ਗਏ ਸਨ ਅਤੇ ਉਸ ਦੀ ਮਾਤਰ 10 ਹਜ਼ਾਰ ਹੀ ਤਨਖ਼ਾਹ ਸੀ। ਇਸ ਨਾਲ ਪਰਿਵਾਰ ਦਾ ਗੁਜਾਰਾ ਚਲਾਉਣਾ ਬਹੁਤ ਔਖਾ ਸੀ ਪਰ ਘਰ ਦੇ ਮੋਢੀ ਦੇ ਜਾਣ ਨਾਲ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ।
ਦੱਸ ਦੇਈਏ ਕਿ ਪਿਛਲੇ ਹਫ਼ਤੇ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਇੱਕ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਇਹ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ। ਪਟਿਆਲਾ ਤੋਂ ਪੀਆਰਟੀਸੀ ਦੇ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਭਾਲ ਲਈ ਭੇਜੀ ਗਈ ਸੀ। ਇਸ ਟੀਮ ਨੂੰ ਕੱਲ੍ਹ ਬੱਸ ਦੇ ਡਰਾਈਵਰ ਦੀ ਲਾਸ਼ ਮਿਲ ਗਈ ਸੀ ਪਰ ਕੰਡਕਟਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਹੁਣ ਕੰਡਕਟਰ ਦੀ ਲਾਸ਼ ਵੀ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਮਨਾਲੀ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਸੀ।