‘ਦ ਖ਼ਾਲਸ ਬਿਊਰੋ : ਬਲਾਤਕਾਰੀ ਸਾਧ ਰਾਮ ਰਹੀਮ ਦੇ ਪੰਜਾਬ ਵਿੱਚ ਕੀਤੇ ਗਏ ਸਤਸੰਗ ਨੂੰ ਲੈ ਕੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਪੈਰੋਲਾਂ ਮਿਲ ਰਹੀਆਂ ਹਨ ਪਰ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਏਦਾਂ ਦੇ ਬੰਦਿਆਂ ਨੂੰ ਸਮਾਜ ਵਿੱਚ ਖੁੱਲ੍ਹਾ ਛੱਡਿਆ ਜਾ ਰਿਹਾ ਹੈ। ਸਾਡੇ ਬੰਦੀ ਸਿੰਘਾਂ ਦੀ ਮਾਤਾ ਦੇ ਦੇਹਾਂਤ ਉੱਤੇ ਵੀ ਉਨ੍ਹਾਂ ਨੂੰ ਸਿਰਫ਼ ਅੱਧੇ ਘੰਟੇ ਦੀ ਪੈਰੋਲ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇ ਕੇ ਪੰਜਾਬ ਦਾ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਨੇ ਸਰਕਾਰ ਨੂੰ ਚੇਤਾਨਵੀ ਦਿੰਦਿਆਂ ਕਿਹਾ ਕਿ ਰਾਮ ਰਹੀਮ ਨੂੰ ਲੈ ਕੇ ਜੇਕਰ ਪੰਜਾਬ ਦਾ ਮਾਹੌਲ ਵਿਗੜਦਾ ਹੈ ਤਾਂ ਇਸਦੀ ਜਿੰਮੇਵਾਰ ਸਰਕਾਰ ਖੁਦ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਰਾਹ ਰਹੀਮ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਂਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਨਾ ਤਾਂ ਰਾਮ ਰਹੀਮ ਦਾ ਕੋਈ ਸਤਸੰਗ ਹੋਵੇਗਾ , ਨਾ ਕੋਈ ਪੋਸਟਰ ਲੱਗੇਗਾ ਅਤੇ ਨਾ ਹੀ ਕੋਈ ਫਿਲਮ ਦਿਖਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਰਾਮ ਰਹੀਮ ਸਬੰਧੀ ਕੁਝ ਲਗਾਇਆ ਜਾ ਦਿਖਾਇਆ ਜਾਂਦਾ ਹੈ ਤਾਂ ਇਸ ਇਹ ਮਤਲਬ ਹੋਵੇਗਾ ਕਿ ਸਰਕਾਰ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਗੁਲਾਮ ਹੋ ਗਏ ਹਾਂ। ਗੁਲਾਮੀ ਦੀਆਂ ਜੜਾਂ ਪੁੱਟਣ ਲਈ ਸਾਨੂੰ ਆਵਾਜ਼ ਚੁੱਕਣੀ ਪਵੇਗੀ।
ਉਨ੍ਹਾਂ ਨੇ ਕਿਹਾ ਕਿ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ, ਸਾਰੇ ਸੂਬੇ ਬੋਲੀ ਦੇ ਆਧਾਰ ਉੱਤੇ ਬਣ ਰਹੇ ਹਨ, ਸਾਡੀ ਸਿੱਖ ਕੌਮ ਨੂੰ ਜੁਰਾਇਮ ਪੇਸ਼ਾ ਕੌਮ ਕਿਹਾ ਗਿਆ। ਬਹੁ ਗਿਣਤੀ ਜੇ ਸਿੱਖਾਂ ਨੂੰ ਸਤਿਕਾਰ ਦਿੰਦੀ ਹੈ ਤਾਂ ਉਹ ਆਪਣੇ ਮਤਲਬ ਲਈ ਦਿੰਦੀ ਹੈ।
ਪੰਜਾਬ ਸਰਕਾਰ ਦੀ ਭੂਮਿਕਾ ‘ਤੇ ਸਵਾਲ ਉਠਾਦਿਅਂ ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਕੋਈ ਵੀ ਫ਼ਰਕ ਨਹੀਂ ਹੈ ਕਿਉਂਕਿ ਜੇਕਰ ਸਿੱਖਾਂ ਦੇ ਵਿਰੋਧ ‘ਚ ਖੜਨਾ ਹੋਵੇ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਕੰਮ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਲੇ ਤੱਕ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਤਰ੍ਹਾਂ ਚੁੱਪ ਵੱਟੀ ਰੱਖੀ ਹੈ।