ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਨੂੰ ਪੁਲਿਸ ਨੇ ਏਅਰਪੋਰਟ ‘ਤੇ ਰੋਕ ਲਿਆ ਹੈ । ਗੁਰ ਔਜਲਾ ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਐਕਾਉਂਟ ਵੀ ਹੈਂਡਲ ਕਰਦਾ ਸੀ । ਉਹ ਅੰਮ੍ਰਿਤਸਰ ਤੋਂ UK ਦੀ ਫਲਾਈਟ ਫੜਨ ਜਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਉਸ ‘ਤੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਦਾ ਇਲਜ਼ਾਮ ਸੀ । ਪੁਲਿਸ ਨੇ ਉਸ ਖਿਲਾਫ LOOK OUT ਨੋਟਿਸ ਜਾਰੀ ਕੀਤਾ ਸੀ । ਏਅਰ ਇੰਡੀਆ ਦੀ ਫਲਾਇਟ ਦੇ ਨਾਲ ਉਹ ਦੁਪਹਿਰ ਸਾਢੇ 12 ਵਜੇ ਲੰਡਨ ਜਾ ਰਿਹਾ ਸੀ । ਜਲੰਧਰ ਪੁਲਿਸ ਨੇ ਗੁਰਿੰਦਰਪਾਲ ਸਿੰਘ ਉਰਫ਼ ਗੁਰ ਔਜਲਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ । ਗੁਰਿੰਦਰਪਾਲ ਸਿੰਘ ਕੋਲ UK ਦੀ PR ਹੈ।
ਅਜਨਾਲਾ ਹਿੰਸਾ ਤੋਂ ਬਾਅਦ ਮਾਨ ਸਰਕਾਰ ‘ਤੇ ਲਗਾਤਾਰ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦਾ ਦਬਾਅ ਵੱਧ ਦਾ ਜਾ ਰਿਹਾ ਹੈ । ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਦੋਵੇ ਹੀ ਹੁਣ ਤੱਕ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੇਸ ਦਰਜ ਨਾ ਕਰਨ ਨੂੰ ਲੈਕੇ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ । ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ । ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਸਿਆਸਤਦਾਨਾਂ ਨੂੰ ਜਵਾਬ ਦਿੱਤਾ ਸੀ ਜੋ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ । ਉਨ੍ਹਾਂ ਕਿਹਾ ਸੀ ਕਿ ‘ਇਜਲਾਸ ਹੈ ਬਜਟ ਦਾ ਜਪੀ ਜਾਂਦੇ ਹਨ ਮੇਰਾ ਨਾਂ’ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਆਪਣੇ ਖਿਲਾਫ ਕਾਰਵਾਈ ਦੀ ਖੁੱਲੀ ਚੁਣੌਤੀ ਵੀ ਦਿੱਤੀ ਸੀ । ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਸੀ ਕਿ ਮੌਤ ਦੇ ਡਰ ਤੋਂ ਖਾਲਸਾ ਨਹੀਂ ਡਰਦਾ ਹੈ । ਉਨ੍ਹਾਂ ਕਿਹਾ ਮੈਨੂੰ ਫੜਨ ਅਤੇ ਮੇਰੇ ਐਂਕਾਉਂਟਰ ਦੀ ਗੱਲ ਕਰਦੇ ਹਨ । ਪਹਿਲਾਂ ਹੀ ਸਰਕਾਰ ਨੇ 2 ਲੱਖ ਸਿੱਖਾਂ ਦਾ ਐਂਕਾਉਂਟਰ ਕੀਤਾ ਹੈ ਇਸ ਲਈ ਸਾਨੂੰ ਫਰਕ ਨਹੀਂ ਪੈਦਾਂ ਹੈ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਹੜੇ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ,ਉਨ੍ਹਾਂ ਦੇ ਇਲਾਕੇ ਵਿੱਚ ਹੀ ਖੜਾ ਹਾਂ ਜ਼ਰਾ ਦੱਸਣ ਉਨ੍ਹਾਂ ਨੇ ਨਸ਼ਾ ਖਤਮ ਕਰਨ ਦੇ ਲਈ ਕੀ ਕੁਝ ਕੀਤਾ ਹੈ ? ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਨੌਜਵਾਨ ਨਸ਼ਾ ਛੱਡਣ ਅਤੇ ਧਰਮ ਯੁੱਧ ਵਿੱਚ ਆਉਣ,ਇਸ ਵਿੱਚ ਉਹ ਸੂਰਮੇ ਦੀ ਮੌਤ ਮਰਨਗੇ। ਜਿਸ ਨੂੰ ਮਰਨ ਦਾ ਚਾਹ ਹੈ ਉਹ ਹੀ ਸਿਰਫ਼ ਆਉਣ ਜੋ ਡਰ ਦੇ ਹਨ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ । ਵਿਧਾਨਸਭਾ ਦੇ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਦੀ ਗਿਰਫ਼ਤਾਰੀ ਦੀ ਮੰਗ ਉੱਠੀ ਸੀ ।