ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਹੋਈ । ਅਜਨਾਲਾ ਹਿੰਸਾ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਥੇਦਾਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਲੈਕੇ ਕਮੇਟੀ ਦਾ ਗਠਨ ਕੀਤਾ ਸੀ ਉਸ ਨੂੰ ਵੇਖ ਦੇ ਹੋਏ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਗਿਆ ਹੈ । ਮੁਲਾਕਾਤ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਹੜੇ ਮੁੱਦਿਆਂ ‘ਤੇ ਜਥੇਦਾਰ ਸਾਹਿਬ ਨਾਲ ਚਰਚਾ ਹੋਈ ਹੈ । ਪਹਿਲਾਂ ਪੰਥਕ ਮੁੱਦਾ ਸੀ ਜਿਸ ਵਿੱਚ ਮੌਜੂਦਾ ਹਾਲਾਤਾ ਨੂੰ ਲੈਕੇ ਵਿਚਾਰ ਕੀਤਾ ਗਿਆ । ਦੂਜਾ ਮੁੱਦਾ ਪੰਜਾਬ ਦੇ ਨੌਜਵਾਨਾਂ ਨੂੰ ਲੈਕੇ ਸੀ । ਜਿਸ ਵਿੱਚ ਨਸ਼ਾ ਅਤੇ ਅੰਮ੍ਰਿਤਸਰ ਸੰਚਾਰ ਅਹਿਮ ਮੁੱਦਾ ਸੀ। ਅੰਮ੍ਰਿਤਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਜਥੇਦਾਰ ਸਾਹਿਬ ਵੱਲੋਂ ਗਠਨ ਕਮੇਟੀ ਬਾਰੇ ਕੋਈ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਕਿਹਾ ਇਹ ਜਥੇਦਾਰ ਸਾਹਿਬ ਦਾ ਨਿੱਜੀ ਅਧਿਕਾਰ ਹੈ ਜਦੋਂ ਉਹ ਉਨ੍ਹਾਂ ਨੂੰ ਬੁਲਾਉਣਗੇ ਤਾਂ ਸਿਧਾਂਤਾ ਦੇ ਨਾਲ ਤਰਕ ਦੇਣਗੇ ਜੇਕਰ ਗਲਤ ਸਾਬਿਤ ਹੋਏ ਤਾਂ ਸਿਰ ਝੁਕਾ ਦੇਣਗੇ । ਉਨ੍ਹਾਂ ਕਿਹਾ ਮੇਰਾ ਪੱਖ ਉਹ ਹੀ ਰਹੇਗਾ ਜੋ ਪਹਿਲਾ ਸੀ । ਉਨ੍ਹਾਂ ਨੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਰਤਾਰ ਸਿੰਘ ਤੋਂ ਲੈਕੇ ਵਰਲਡ ਵਾਰ 2 ਤੱਕ ਦੇ ਸਾਰੇ ਹਵਾਲੇ ਉਨ੍ਹਾਂ ਕੋਲ ਹਨ । ਇਸ ਲਈ ਉਹ ਆਪਣਾ ਪੱਖ ਮਜ਼ਬੂਤੀ ਦੇ ਨਾਲ ਰੱਖਣਗੇ । ਭਾਈ ਅੰਮ੍ਰਿਤਪਾਲ ਸਿੰਘ ਨੇ ਏਜੰਸੀਆਂ ਵੱਲੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਅਤੇ ਅੱਤਵਾਦੀ ਐਲਾਨੇ ਜਾਣ ਦੀ ਮੰਗ ਦਾ ਜਵਾਬ ਵੀ ਬੇਬਾਕੀ ਨਾਲ ਦਿੱਤਾ ।
ਏਜੰਸੀਆਂ ‘ਤੇ ਸਵਾਲ
ਭਾਰਤੀ ਖੁਫਿਆ ਏਜੰਸੀਆਂ ਨੇ ਕੇਂਦਰ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਸੀ ਕਿ ਕੁਝ ਲੋਕ ਭਾਈ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਕੇ ਉਨ੍ਹਾਂ ਦੇ ਹਮਾਇਤੀਆਂ ਨੂੰ ਭੜਕਾ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਉਂਦੇ ਹਨ । ਇਸ ਦਾ ਅਲਰਟ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ । ਇਸ ਦੇ ਨਾਲ ਫੰਡਿੰਗ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ ਸਨ । ਜਿਸ ਦੇ ਜਵਾਬ ਭਾਈ ਅੰਮ੍ਰਿਤਪਾਲ ਸਿੰਘ ਨੇ ਬੜੀ ਹੀ ਬੇਬਾਕੀ ਨਾਲ ਦਿੱਤਾ । ਉਨ੍ਹਾਂ ਕਿਹਾ ਜਿਸ ਦਿਨ ਮੌਤ ਆਉਣਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਹੈ । ਉਨ੍ਹਾਂ ਕਿਹਾ ਜਾਨ ਤੋਂ ਖਤਰਾ ਹੋਰ ਕਿਸੇ ਤੋਂ ਨਹੀਂ ਬਲਕਿ ਏਜੰਸੀਆਂ ਤੋਂ ਹੈ । ਜਿਹੜੀ ਏਜੰਸੀਆਂ ਜਾਨ ਤੋਂ ਖਤਰੇ ਦਾ ਅਲਰਟ ਦੇ ਰਹੀਆਂ ਹਨ ਉਨ੍ਹਾਂ ਹੀ ਜਾਨ ਲੈ ਸਕਦੀਆਂ ਹਨ । ਅੰਮ੍ਰਿਤਪਾਲ ਸਿੰਘ ਨੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਅੱਤਵਾਦੀ ਐਲਾਨੇ ਜਾਣ ਦੀ ਮੰਗ ‘ਤੇ ਵੀ ਜਵਾਬ ਦਿੱਤਾ ਉਨ੍ਹਾਂ ਕਿਹਾ ਜੇ ਅੱਤਵਾਦੀ ਨਸ਼ੇ ਛਡਾਉਂਦੇ ਨੇ ਤਾਂ ਸਾਨੂੰ ਐਲਾਨ ਦਿਓਂ ਫਿਰ ਅੱਤਵਾਦੀ ।
ਸਿੱਖ ਧਰਮ ਵੱਖ ਹੈ,ਲੋਕਾਂ ਨੂੰ ਇਹ ਸਮਝ ਨਹੀਂ ਰਹੀ
ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰੂਆਂ ਨੇ ਮੀਰੀ-ਪੀਰੀ ਦਾ ਸਿਧਾਂਤ ਸਿਖਾਇਆ ਹੈ । ਸਿੱਖਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਰਵਾਇਤ ਵੱਲ ਵਾਪਸ ਆ ਰਹੇ ਹਾਂ । ਜਿੰਨਾਂ ਨੂੰ ਇਹ ਸਮਝ ਨਹੀਂ ਆਉਂਦੀ ਉਨ੍ਹਾਂ ਨੂੰ ਸਮਝਨਾ ਚਾਹੀਦਾ ਹੈ ਕਿ ਸਿੱਖ ਧਰਮ ਵੱਖ ਹੈ । ਇਹ ਹੀ ਕੋਸ਼ਿਸ਼ ਹੈ ਕਿ ਲੋਕ ਸਾਨੂੰ ਡਿਫਾਇਨ ਕਰਨ ਦੀ ਕੋਸ਼ਿਸ਼ ਕਰਦੇ ਹਨ । ਉਸੇ ਵਿੱਚ ਹੀ ਫਿਰ ਮੁਸ਼ਕਲ ਖੜੀ ਹੋ ਜਾਂਦੀ ਹੈ ।