ਰੂਸ-ਯੂਕਰੇਨ ( Russia- Ukraine) ਯੁੱਧ ਦੇ ਵਿਚਕਾਰ ਅਮਰੀਕਾ (America) ਨੇ ਗੁਪਤ ਤੌਰ ‘ਤੇ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਿੱਤੀਆਂ ਹਨ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਯੂਕਰੇਨ ਨੂੰ 12 ATACMS ਮਿਜ਼ਾਈਲਾਂ ਦਿੱਤੀਆਂ ਹਨ। ਅਮਰੀਕੀ ਮੀਡੀਆ ਸੀਐਨਐਨ ਮੁਤਾਬਕ ਰਾਸ਼ਟਰਪਤੀ ਜੋਅ ਬਿਡੇਨ ਨੇ ਪਹਿਲਾਂ ਯੂਕਰੇਨ ਨੂੰ ATACMS ਮਿਜ਼ਾਈਲਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਬਾਅਦ ਵਿੱਚ ਫਰਵਰੀ ਮਹੀਨੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਮਿਜ਼ਾਈਲ ਦੀ ਡਿਲੀਵਰੀ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਉਦੋਂ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ। ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਗੈਰੋਨ ਗਾਰਨ ਨੇ ਕਿਹਾ ਕਿ ਇਹ ਜਾਣਕਾਰੀ ਯੂਕਰੇਨ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਛੁਪਾਈ ਗਈ ਸੀ।
ਇਸ ਡਿਲੀਵਰੀ ਨੂੰ 12 ਮਾਰਚ ਦੇ ਸਹਾਇਤਾ ਪੈਕੇਜ ਵਿੱਚ ਸ਼ਾਮਲ ਕੀਤਾ ਗਿਆ ਸੀ। ATACMS ਮਿਜ਼ਾਈਲਾਂ ਅਪ੍ਰੈਲ ਦੇ ਸ਼ੁਰੂ ਵਿੱਚ ਯੂਕਰੇਨ ਪਹੁੰਚੀਆਂ। ਇਸ ਦੀ ਰੇਂਜ 300 ਕਿਲੋਮੀਟਰ ਹੈ, ਮਤਲਬ ਜੇਕਰ ਇਸ ਦੀ ਵਰਤੋਂ ਜੰਗ ‘ਚ ਕੀਤੀ ਜਾਂਦੀ ਹੈ ਤਾਂ ਇਹ ਰੂਸ ਦੇ ਅੰਦਰ 300 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ।