International

ਸੀਰੀਆ ‘ਚ ਗਸ਼ਤ ਕਰ ਰਹੇ ਰੂਸੀ ਸੈਨਿਕਾਂ ਦੇ ਰਾਹ ‘ਚ ਅੜਿੱਕਾ ਬਣੇ ਅਮਰੀਕੀ ਸੈਨਿਕ, ਦੋਵਾਂ ਫੌਜਾਂ ਦੇ ਵਾਹਨਾਂ ‘ਚ ਹੋਈ ਟੱਕਰ, ਵੀਡੀਓ ਹੋਈ ਵਾਇਰਲ

‘ਦ ਖ਼ਾਲਸ ਬਿਊਰੋ :- ਉੱਤਰੀ ਸੀਰੀਆ ‘ਚ ਅਮਰੀਕੀ ਤੇ ਰੂਸ ਦੀਆਂ ਫੌਜਾਂ ਦੇ ਬਖਤਰਬੰਦ ਵਾਹਨਾਂ ਵਿਚਾਲੇ ਇੱਕ ਟੱਕਰ ਹੋ ਗਈ ਹੈ। ਇਹ ਟੱਕਰ ਇਨੀ ਜ਼ੋਰਦਾਰ ਸੀ ਕਿ ਇਸ ‘ਚ ਕਈ ਅਮਰੀਕੀ ਸੈਨਿਕ ਜ਼ਖਮੀ ਹੋ ਗਏ। ਇਸ ਟੱਕਰ ਦੀ ਇੱਕ ਵੀਡੀਓ ਵੀ ਬਣੀ, ਜੋ ਕਿ ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਇੱਕ ਰੂਸੀ ਫੌਜੀ ਵਾਹਨ ਇੱਕ ਮਾਰੂਥਲ ਦੇ ਖੇਤਰ ਵਿੱਚ ਇੱਕ ਅਮਰੀਕੀ ਬਖਤਰਬੰਦ ਵਾਹਨ ਨਾਲ ਟਕਰਾ ਗਿਆ। ਇਸ ਵੀਡੀਓ ‘ਚ ਇੱਕ ਰੂਸੀ ਹੈਲੀਕਾਪਟਰ ਨੂੰ ਵੀ ਉਡਾਣ ਭਰਦੇ ਵੇਖਿਆ ਜਾ ਸਕਦਾ ਹੈ।

ਉੱਥੇ ਦੂਜੇ ਪਾਸੇ ਇਸ ਵਾਹਨਾਂ ਦੀ ਟੱਕਰ ਨੂੰ ਲੈ ਕੇ ਰੂਸ ਦਾ ਕਹਿਣਾ ਹੈ ਕਿ ਅਮਰੀਕਾ ਨੇ ਆਪਣੀ ਗਸ਼ਤ ਕਰਨ ‘ਚ ਅੜਿੱਕਾ ਪਾਇਆ। ਪਰ ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਰੂਸੀ ਸੈਨਿਕ ਸੁਰੱਖਿਆ ਜ਼ੋਨ ‘ਚ ਦਾਖਲ ਹੋਏ।

ਵ੍ਹਾਈਟ ਹਾਊਸ ਦੇ ਬਿਆਨ ਮੁਤਾਬਿਕ ਵਾਹਨ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਯੂਐੱਸ ਤੇ ਰੂਸ ਦੀ ਫੌਜ ਵਿਚਾਲੇ ਵਾਰ – ਵਾਰ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਇਸ ਕਿਸਮ ਦਾ ਟਕਰਾਅ ਨਜ਼ਰਅੰਦਾਜ਼ ਹੈ।

ਇਸ ਘਟਨਾ ‘ਤੇ ਰੂਸ ਕੀ ਕਹਿੰਦਾ ਹੈ

ਰੂਸ ਦੇ ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਉਸਨੇ ਪਹਿਲਾਂ ਹੀ ਅਮਰੀਕੀ ਸੈਨਿਕਾਂ ਨੂੰ ਚਿਤਾਵਨੀ ਦਿੱਤੀ ਸੀ, ਕਿ ਰੂਸੀ ਸੈਨਿਕ ਖੇਤਰ ਵਿੱਚ ਗਸ਼ਤ ਕਰ ਰਹੇ ਹਨ। ਇਸ ਦੇ ਬਾਵਜੂਦ, ਅਮਰੀਕੀ ਸੈਨਿਕਾਂ ਨੇ ਮੌਜੂਦਾ ਸਮਝੌਤਿਆਂ ਨੂੰ ਨਜ਼ਰ ਅੰਦਾਜ਼ ਕਰਦਿਆਂ, ਰੂਸ ਦੀ ਗਸ਼ਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਜਵਾਬ ਵਿੱਚ, ਰੂਸੀ ਫੌਜੀਆਂ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਜ਼ਰੂਰੀ ਕਦਮ ਚੁੱਕੇ।

ਸਾਲ 2016 ਤੋਂ ਹੀ ਰੂਸ ਦੀ ਸੈਨਿਕ ਪੁਲਿਸ ਸੀਰੀਆ ਦੀ ਸਰਕਾਰ ਦੀ ਮਦਦ ਲਈ ਉੱਥੇ ਹੈ। ਰੂਸ ਦੇ ਸੈਨਿਕ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਉਹ ਸੀਰੀਆ ਵਿੱਚ ਸਰਕਾਰੀ ਨਿਯੰਤਰਣ ਦੇ ਕੁੱਝ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ। ਉਸੇ ਸਮੇਂ, ਰੂਸੀ ਫੌਜੀ ਪੁਲਿਸ ਕਥਿਤ ਘੱਟ ਸੰਘਰਸ਼ ਵਾਲੇ ਖੇਤਰਾਂ ਵਿੱਚ ਜੰਗਬੰਦੀ ਦੀ ਨਿਗਰਾਨੀ ਵੀ ਕਰਦੀ ਹੈ।

ਰੂਸ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀਆਂ ਫੌਜਾਂ ਨੂੰ ਫੌਜੀ ਉਪਕਰਣ ਤੇ ਹਥਿਆਰ ਵੀ ਮੁਹੱਈਆ ਕਰਵਾਏ ਹਨ। ਅਸਦ ਦੀ ਫੌਜ ਆਪਣੇ ਦੇਸ਼ ਵਿੱਚ ਕਈ ਬਾਗੀ ਸੰਗਠਨਾਂ ਨਾਲ ਲੜ ਰਹੀ ਹੈ, ਜਿਸ ਵਿੱਚ ਇੱਕ ਧੜਾ ਵੀ ਸ਼ਾਮਲ ਹੈ ਜੋ ਆਪਣੇ ਆਪ ਨੂੰ ਇਸਲਾਮਿਕ ਸਟੇਟ ਕਹਿੰਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਸੀ ਕਿ ਉਹ ਸੀਰੀਆ ਵਿੱਚ ਮੌਜੂਦ ਇੱਕ ਹਜ਼ਾਰ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾ ਲਵੇਗਾ, ਜਿਹੜੇ ਕੁਰਦਾਂ ਦੀ ਮਦਦ ਲਈ ਉੱਥੇ ਤਾਇਨਾਤ ਹਨ। ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲ ਲਿਆ ਅਤੇ ਫਿਰ ਫੈਸਲਾ ਕੀਤਾ ਕਿ ਕੁੱਝ ਪਾਬੰਦੀਆਂ ਵਾਲੇ ਖੇਤਰਾਂ ਵਿੱਚ ਬਹੁਤ ਘੱਟ ਅਮਰੀਕੀ ਸੈਨਿਕ ਮੌਜੂਦ ਹੋਣਗੇ। ਰੂਸ ਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਵਿਦੇਸ਼ਾਂ ਵਿੱਚ ਅਮਰੀਕੀ ਸੈਨਿਕਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਹਨ, ਅਤੇ ਇਸ ਕਰਕੇ ਰੂਸ ਸੀਰੀਆ ਤੋਂ ਅਮਰੀਕੀ ਫੌਜਾਂ ਨੂੰ ਰਸਤਾ ਦਿਖਾਉਣ ਦਾ ਇਰਾਦਾ ਰੱਖਦਾ ਹੈ।

ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁੱਰਖਿਆ ਪਰਿਸ਼ਦ (NSC) ਨੇ ਕਿਹਾ ਕਿ ਰੂਸ ਦੀ ਸੈਨਿਕ ਗੱਡੀ ਅਮਰੀਕਾ ਦੀ ਬਾਰੂਦੀ ਸੁਰੰਗ ਪ੍ਰਤੀਰੋਧਕ ਵਾਹਨ ਨਾਲ ਟਕਰਾ ਗਈ, ਜਿਸ ਨਾਲ ਅਮਰੀਕੀ ਵਾਹਨ ਦੇ ਚਾਲਕ ਦਲ ਦੇ ਸੱਟਾਂ ਲੱਗੀਆਂ।

ਜਿਸ ਖੇਤਰ ਵਿੱਚ ਇਹ ਘਟਨਾ ਵਾਪਰੀ ਹੈ, ਉੱਥੇ ਅਮਰੀਕਾ ਦੇ 500 ਸਿਪਾਹੀ ਹਨ। ਹਾਲਾਂਕਿ ਪਹਿਲਾਂ ਇੱਥੇ ਅਮਰੀਕੀ ਸੈਨਿਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਇੱਥੇ ਅਮਰੀਕੀ ਸੈਨਿਕ ਇਸਲਾਮਿਕ ਸਟੇਟ ਦੇ ਖਤਰਿਆਂ ਨਾਲ ਨਜਿੱਠ ਰਹੇ ਹਨ।

ਅਮਰੀਕੀ ਸੈਨਿਕ ਇਸ ਖੇਤਰ ਵਿੱਚ ਸੀਰੀਆਨ ਡੈਮੋਕਰੇਟਿਕ ਫੋਰਸਿਜ਼ (ਐਸਡੀਐਫ) ਗੱਠਜੋੜ ਦੀ ਮਦਦ ਕਰ ਰਹੇ ਹਨ। ਐਨਐਸਸੀ ਦੇ ਬੁਲਾਰੇ ਜੌਨ ਉਲਯੋਟ ਨੇ ਕਿਹਾ ਕਿ ਇਹ ਘਟਨਾ 25 ਅਗਸਤ ਮੰਗਲਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਵਾਪਰੀ, ਜਦੋਂ ਨਿਯਮਤ ਸਿਕਿਓਰਿਟੀ ਗਸ਼ਤ ਕਰ ਰਹੇ ਸਨ।

Comments are closed.