Others Punjab

ਵੱਡੇ-ਵੱਡੇ ਵਿਦਵਾਨਾਂ ਨੂੰ ਪਿੱਛੇ ਛੱਡਿਆ 4 ਸਾਲ ਦੀ ਅਖੰਡ ਜੋਤ ਕੌਰ ਨੇ !

ਲੁਧਿਆਣਾ: ਕਹਿੰਦੇ ਬੱਚੇ ਦੇ ਕਿਰਦਾਰ ਵਿੱਚ ਮਾਪਿਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਲੁਧਿਆਣਾ ਦੇ ਪਕਖੋਵਾਲਾ ਰੋਡ ਦੀ ਰਹਿਣ ਵਾਲੀ 4 ਸਾਲ ਦੀ ਅਖੰਡ ਜੋਤ ਕੌਰ ਨੂੰ ਆਪਣੇ ਮਾਪਿਆਂ ਤੋਂ ਪਹਿਲੇ ਦਿਨ ਤੋਂ ਹੀ ਗੁਰਬਾਣੀ ਦੀ ਸਿੱਖਿਆ ਮਿਲੀ ਹੈ। ਚਾਰ ਸਾਲ ਦੀ ਅਖੰਡ ਜੋਤ ਕੌਰ ਨੂੰ ਰਾਗਮਾਲਾ ਬਾਣੀ ਮੂੰਹ ਜ਼ੁਬਾਨੀ ਯਾਦ ਹੈ, ਜੋ ਚੰਗੇ-ਚੰਗੇ ਵਿਦਵਾਨਾਂ ਨੂੰ ਯਾਦ ਨਹੀਂ ਹੁੰਦੀ ਹੈ। ਉਸ ਨੂੰ ਜਾਨ ਕੇ ਦੋ ਤਖ਼ਤਾਂ ਦੇ ਜਥੇਦਾਰ ਵੀ ਹੈਰਾਨ ਹੋ ਗਏ।

ਮਾਂ ਨੇ ਦਿੱਤੀ ਸਿੱਖਿਆ

ਅਖੰਡ ਜੋਤ ਦੀ ਮਾਂ ਮਗਨਦੀਪ ਕੌਰ ਨੇ ਦੱਸਿਆ ਕਿ ਉਹ ਐਮਏ, ਬੀਐਡ ਪਾਸ ਹੈ ਅਤੇ ਗ੍ਰੀਨਲੈਂਡ ਸਕੂਲ ਵਿੱਚ ਅਧਿਆਪਕ ਹੈ, ਪਤੀ ਵੀ ਇਸੇ ਸਕੂਲ ਵਿੱਚ ਟੀਚਰ ਹਨ। ਪਰ ਦੋਵਾਂ ਨੇ ਪਹਿਲੇ ਦਿਨ ਤੋਂ ਆਪਣੀ ਧੀ ਅਖੰਡ ਜੋਤ ਨੂੰ ਗੁਰੂ ਦੇ ਲੜ ਲਾਕੇ ਰੱਖਿਆ। 2019 ਵਿੱਚ ਜਦੋਂ ਅਖੰਡ ਜੋਤ ਦਾ ਜਨਮ ਹੋਇਆ ਤਾਂ ਰਾਤ ਸੋਣ ਦੌਰਾਨ ਉਹ ਵਾਹਿਗੁਰੂ ਦਾ ਸਿਸਰਨ ਕਰਦੀ ਸੀ । ਜਦੋਂ ਧੀ ਨੇ ਬੋਲਣਾ ਸਿੱਖਿਆ ਤਾਂ ਸਭ ਤੋਂ ਪਹਿਲਾਂ ਸ਼ਬਦ ਵਾਹਿਗੁਰੂ ਬੋਲਿਆ, ਹੋਲੀ-ਹੋਲੀ ਉਸ ਨੂੰ ਮੂਲ ਮੰਤਰ ਦਾ ਪਾਠ ਸਿਖਾਇਆ, ਰੋਜ਼ ਰਾਤ ਨੂੰ ਮਾਂ ਧੀ ਨੂੰ ਗੋਦ ਵਿੱਚ ਲੈਕੇ ਜਪਜੀ ਸਾਹਿਬ ਦਾ ਪਾਠ ਸਿਖਾਉਂਦੀ, ਫਿਰ ਹੋਲੀ-ਹੋਲੀ ਬਸੰਤ ਦੀ ਵਾਰ, ਗੁਰੂ ਰਾਮ ਦਾਸ ਜੀ ਦੀ ਬਾਣੀ ਸਿਖਾਈ ।

3 ਮਹੀਨੇ ਵਿੱਚ ਯਾਦ ਕੀਤੀ ਗੁਰਬਾਣੀ ਦੀ ਰਾਗਮਾਲਾ

ਮਾਂ ਮਗਨਦੀਪ ਕੌਰ ਨੇ ਦੱਸਿਆ ਕਿ ਰੋਜ਼ਾਨਾ ਉਹ ਵਿਪਨਪ੍ਰੀਤ ਕੌਰ ਜੀ ਕੋਲ ਜਾ ਕੇ ਗੁਰਬਾਣੀ ਸੁਣਦੀ ਸੀ ਅਤੇ ਸਿੱਖਦੀ ਸੀ। ਤਿੰਨ ਮਹੀਨੇ ਦੇ ਅੰਦਰ ਉਸ ਨੇ ਰਾਗ ਮਾਲਾ ਸਿੱਖ ਲਈ । ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੂੰਹ ਜ਼ੁਬਾਨੀ ਰਾਗਮਾਲਾ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਵੀ ਸੁਣਾਈ, ਉਹ ਸੁਣ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਅਖੰਡ ਜੋਤ ਨੂੰ 500 ਰੁਪਏ ਇਨਾਮ ਦਿੱਤਾ। ਇਸ ਤੋਂ ਬਾਅਦ ਅਖੰਡ ਜੋਤ ਨੇ ਆਪਣੇ ਸਕਲੂ ਦੇ ਸਟੇਜ ‘ਤੇ ਗੁਣਬਾਣੀ ਦਾ ਗਾਇਨ ਕੀਤਾ। ਜਿਸ ਨੂੰ ਸੁਣ ਕੇ ਸਾਰੇ ਮਾਪਿਆਂ ਨੇ ਉਸ ਦੀ ਤਾਰੀਫ ਕੀਤੀ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਵੱਲ ਜੋੜਨ ਦਾ ਫੈਸਲਾ ਲਿਆ। ਅਖੰਡ ਜੋਤ LKG ਵਿੱਚ ਪੜ੍ਹਦੀ ਹੈ, ਜਦੋਂ ਗੁਰਦੁਆਰੇ ਵਿੱਚ ਕੰਠ ਗੁਰਬਾਣੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਉਸ ਵਿੱਚ ਹਿੱਸਾ ਲੈਂਦੀ ਹੈ ਉਹ ਕਈ ਟੀਵੀ ਪ੍ਰੋਗਰਾਮ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਹੁਣ ਉਹ ਰੋਜ਼ਾਨਾ ਕੀਰਤਨ ਸਿੱਖ ਰਹੀ ਹੈ ।

ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਵੀ ਕੀਤੀ ਤਾਰੀਫ

ਅਖੰਡ ਜੋਤ ਕੌਰ ਨੂੰ ਰਾਗਮਾਲਾ ਸਿਖਾਉਣ ਵਾਲੀ ਵਿਪਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਏ ਤਾਂ ਉਹ ਵੀ ਅਖੰਡ ਜੋਤ ਦੀ ਗੁਰਬਾਣੀ ਕੰਠ ਤੋਂ ਕਾਫੀ ਪ੍ਰਭਾਵਿਤ ਹੋਏ। ਮਾਂ ਨੇ ਦੱਸਿਆ ਕਿ ਧੀ ਅਖੰਡ ਜੋਤ ਕੌਰ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦੀ ਹੈ । ਮਾਂ ਨੇ ਹੋਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਫੋਨ ਦੀ ਆਦਤ ਤੋਂ ਦੂਰ ਕਰਨ ਦੀ ਅਪੀਲ ਕਰਦੇ ਹੋਏ ਗੁਰਬਾਣੀ ਅਤੇ ਗੁਰੂ ਘਰ ਨਾਲ ਜੋੜਨ ਦੀ ਅਪੀਲ ਕੀਤੀ ਹੈ ।