Khaas Lekh Religion

ਸਿੱਖ ਰਾਜ ਦੇ ਉਸਰੱਈਏ, ਵੱਡੇ ਥੰਮ੍ਹ ਗਿਣੇ ਜਾਣ ਵਾਲੇ ਅਕਾਲੀ ਫੂਲਾ ਸਿੰਘ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੀਤਾ ਸੀ ਤਲਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜ਼ਿਲ੍ਹਾ ਸੰਗਰੂਰ ਦੇ ਇਲਾਕੇ ਬਾਂਗਰ ‘ਚ ਇੱਕ ਛੋਟੇ ਜਿਹੇ ਪਿੰਡ ਦੇਹਲਾ ਸਿਹਾਂ ਵਿੱਚ ਸਿੱਖ ਕੌਮ ਦੇ ਮਹਾਨ, ਬਹਾਦਰ, ਅਨੇਕਾਂ ਯੁੱਧਾਂ ਦੇ ਜੇਤੂ ਜਰਨੈਲ ਅਕਾਲੀ ਫੂਲਾ ਸਿੰਘ ਜੀ ਦਾ ਜਨਮ 1761 ਈ: ਨੂੰ ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਵਿੱਚ ਹੋਇਆ, ਜਿਨ੍ਹਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਡਮੁੱਲਾ ਯੋਗਦਾਨ ਪਾਇਆ। ਦੇਸ਼ ਅਤੇ ਧਰਮ ਲਈ ਜਾਨ ਵਾਰਨ ਵਾਲੇ ਬਹਾਦਰਾਂ ਵਿੱਚ ਅਕਾਲੀ ਫੂਲਾ ਸਿੰਘ ਜੀ ਦਾ ਨਾਂ ਬਹੁਤ ਉੱਘਾ ਹੈ। ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਦੇ ਮਹਾਨ ਜਰਨੈਲ ਹੋਏ ਹਨ। ਉਨ੍ਹਾਂ ਦਾ ਨਾਂ ਸੁਣਦਿਆਂ ਹੀ ਦੁਸ਼ਮਣ ਦਲਾਂ ਨੂੰ ਕਾਂਬਾ ਛਿੜ ਪੈਂਦਾ ਸੀ। ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਦੇ ਉਸਰੱਈਏ ਅਤੇ ਵੱਡੇ ਥੰਮ੍ਹ ਗਿਣੇ ਜਾਂਦੇ ਹਨ। ਉਹ ਨਿਰਭੈ ਅਤੇ ਨਿਧੜਕ ਜਰਨੈਲ ਸਨ।

ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਨੇ ਵੱਡੇ ਘੱਲੂਘਾਰੇ ਸਮੇਂ ਸਿੱਖ ਫ਼ੌਜਾਂ ਵਿੱਚ ਸ਼ਾਮਿਲ ਹੋ ਕੇ ਹਿੱਸਾ ਲਿਆ। ਜੰਗ ਦੌਰਾਨ ਉਹ ਕਾਫੀ ਫੱਟੜ ਹੋਏ ਅਤੇ ਆਪਣੇ ਪਿੰਡ ਪਹੁੰਚ ਕੇ ਸਵਰਗਵਾਸ ਹੋ ਗਏ। ਉਸ ਵੇਲੇ ਅਕਾਲੀ ਫੂਲਾ ਸਿੰਘ ਜੀ ਦੀ ਉਮਰ ਸਵਾ ਕੁ ਸਾਲ ਸੀ। ਸਰਦਾਰ ਨੈਣਾ ਸਿੰਘ, ਜੋ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਦੇ ਮਿੱਤਰ ਸੀ, ਉਨ੍ਹਾਂ ਨੇ ਬਾਲਕ ਫੂਲਾ ਸਿੰਘ ਜੀ ਦੀ ਪਾਲਣ-ਪੋਸ਼ਣ ਕੀਤਾ। 7 ਕੁ ਸਾਲ ਦੀ ਉਮਰ ‘ਚ ਉਨ੍ਹਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਸ. ਨੈਣਾ ਸਿੰਘ, ਫੂਲਾ ਸਿੰਘ ਨੂੰ ਆਪਣੇ ਪਾਸ ਆਨੰਦਪੁਰ ਸਾਹਿਬ ਵਿਖੇ ਆਪਣੇ ਡੇਰੇ ‘ਚ ਲੈ ਗਏ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਹੋਣਾ

ਅਕਾਲੀ ਫੂਲਾ ਸਿੰਘ 10-12 ਸਾਲ ਦੀ ਉਮਰ ਵਿੱਚ ਹੀ ਘੋੜ ਸਵਾਰੀ ਅਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਤੇਗ ਚਲਾਉਣ ਵਿੱਚ ਉਹ ਬੜੇ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ। ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਸਨ, ਇਸ ਲਈ ਫੂਲਾ ਸਿੰਘ ਵੀ ਨਿਹੰਗ ਸਜ ਗਏ। ਸ. ਨੈਣਾ ਸਿੰਘ ਜਦੋਂ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਨ੍ਹਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਜੀ ਵੀ ਆ ਗਏ। ਨੈਣਾ ਸਿੰਘ ਦੀ ਮੌਤ ਹੋਣ ਤੋਂ ਬਾਅਦ ਅਕਾਲੀ ਫੂਲਾ ਸਿੰਘ, ਜਿੱਥੇ ਅੱਜਕਲ੍ਹ ਬੁਰਜ ਅਕਾਲੀ ਫੂਲਾ ਸਿੰਘ ਹੈ, ਉੱਥੇ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੌਂਪ ਦਿੱਤੀ ਅਤੇ ਉਨ੍ਹਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਮਿਲਾਪ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿੱਚ ਹੀ ਲੜਨ ਲੱਗ ਪਈਆਂ। ਅਕਾਲੀ ਫੂਲਾ ਸਿੰਘ ਜੀ ਨੇ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ। ਇਸ ਘਟਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਕਾਲੀ ਫੂਲਾ ਸਿੰਘ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਅਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।

ਮੁਲਤਾਨ ਦਾ ਕਿਲ੍ਹਾ ਫਤਿਹ ਕਰਨ ‘ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਦਦ ਕਰਨਾ

ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਅਤੇ ਖ਼ਤਰਨਾਕ ਮੁਹਿੰਮਾਂ ਵਿੱਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਕਿਲ੍ਹਾ ਫਤਿਹ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਕਿਲ੍ਹਾ ਸਰ ਨਾ ਹੋ ਸਕਿਆ। ਜਦ ਹਰ ਹੀਲਾ ਬੇਅਰਥ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਅਤੇ ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇਣ। ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸਾ ਸੋਧਿਆ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ ‘ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਨਾਲ ਕਿਲ੍ਹੇ ਦੀ ਕੰਧ ਵਿੱਚ ਪਾੜ ਪਾਇਆ ਗਿਆ ਅਤੇ ਉਸ ਪਾੜ ਵਾਲੀ ਥਾਂ ਵਿੱਚੋਂ ਅਕਾਲੀ ਫੂਲਾ ਸਿੰਘ ਜੀ ਦੇ ਸਿਰਲੱਥ ਘੋੜਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲ੍ਹੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਨ੍ਹਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਅਤੇ ਉਸ ਦੇ ਪੰਜ ਪੁੱਤਰ ਮਾਰੇ ਗਏ, ਕਿਲ੍ਹਾ ਫਤਹਿ ਹੋ ਗਿਆ।

ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ

ਇਕ ਵਾਰ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ।

ਅਕਾਲੀ ਫੂਲਾ ਸਿੰਘ ਜੀ ਦਾ ਅਨੰਦਪੁਰ ਸਾਹਿਬ ਤੋਂ ਵਾਪਸ ਅੰਮ੍ਰਿਤਸਰ ਆਉਣਾ

ਜੀਂਦ ਦਾ ਮਹਾਰਾਜਾ ਅੰਗਰੇਜ਼ਾਂ ਨਾਲ ਕਿਸੇ ਗੱਲੋਂ ਨਾਰਾਜ਼ ਸੀ ਅਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆ ਗਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ ‘ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਫੂਲਾ ਸਿੰਘ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਤੋਂ ਮੋੜ ਲਿਆਵੇ। ਜਦੋਂ ਦੀਵਾਨ ਮਾਖੋਵਾਲ ਪਹੁੰਚਿਆ ਤਾਂ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ। ਨਵਾਬ ਮਾਲੇਰਕੋਟਲਾ ਅਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਵੀ ਅੰਗਰੇਜ਼ਾਂ ਦੇ ਕਹੇ ‘ਤੇ ਇਸੇ ਮੰਤਵ ਲਈ ਚੜ੍ਹ ਆਈਆਂ ਪਰ ਉਨ੍ਹਾਂ ਵੀ ਅਕਾਲੀ ਫੂਲਾ ਸਿੰਘ ਜੀ ਵਿਰੁੱਧ ਹਥਿਆਰ ਚੁੱਕਣ ਤੋਂ ਨਾਂਹ ਕਰ ਦਿੱਤੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਅਕਾਲੀ ਫੂਲਾ ਸਿੰਘ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਪਿਆਰ ਨਾਲ ਵਾਪਿਸ ਅੰਮ੍ਰਿਤਸਰ ਮੋੜ ਲਿਆਏ।

ਬਹਾਦਰੀ ਨਾਲ ਪਠਾਣਾਂ ਦਾ ਮੁਕਾਬਲਾ ਕਰਨਾ

ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਨ੍ਹਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਅਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤੱਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁੱਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ ਕਿ ਚੜ੍ਹਾਈ ਹੁਣੇ ਹੀ ਹੋਵੇਗੀ।

ਅਕਾਲੀ ਫੂਲਾ ਸਿੰਘ ਜੀ ਵੱਲੋਂ ਕਹਿਣ ‘ਤੇ ਵੀ ਜਦ ਮਹਾਰਾਜਾ ਰਣਜੀਤ ਸਿੰਘ ਨਾ ਮੰਨੇ ਤਾਂ ਉਨ੍ਹਾਂ ਨੇ ਆਪਣੇ 1500 ਘੋੜਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਅਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਅਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਅਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਨ੍ਹਾਂ ਹਜ਼ਾਰਾਂ ਪਠਾਣਾਂ ਨੂੰ ਮਾਰ-ਮੁਕਾਇਆ।

ਅਕਾਲੀ ਫੂਲਾ ਸਿੰਘ ਜੀ ਨੇ ਦੁਸ਼ਮਣਾਂ ਦੇ ਪੈਰ ਉਖਾੜਦੇ ਹੋਏ ਸ਼ਹੀਦੀ ਪਾਈ

ਅਕਾਲੀ ਫੂਲਾ ਸਿੰਘ ਜੀ ਜੋਸ਼ ਵਿੱਚ ਆਏ ਹੋਏ ਦੁਸ਼ਮਣ ਦੀਆਂ ਫ਼ੌਜਾਂ ਵਿੱਚ ਘੁਸ ਗਏ ਸਨ ਅਤੇ ਹੱਥੋਂ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਅਤੇ ਸੈਨਿਕਾਂ ਨੂੰ ਅੱਗੇ ਵਧਣ ਲਈ ਕਿਹਾ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ‘ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਅਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਏ।

ਉਹਨਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇੱਥੇ ਹੀ ਕੀਤਾ ਗਿਆ। ਸਿੱਖ ਰਾਜ ਵਿੱਚ ਇਸ ਤੋਂ ਵੱਧ ਸੂਰਬੀਰ, ਧਾਰਮਿਕ ਤੌਰ ‘ਤੇ ਪ੍ਰਪੱਕ ਅਤੇ ਨਿਡਰ ਹੋਰ ਕੋਈ ਜਰਨੈਲ ਨਜ਼ਰ ਨਹੀਂ ਆਉਂਦਾ ਸੀ। ਅੱਜ ਕੱਲ੍ਹ ਹਰ ਸਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇਹਲਾ ਸਿਹਾਂ ਵਿਖੇ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ 14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Comments are closed.