ਬਿਊਰੋ ਰਿਪੋਰਟ : ਬੀਬੀ ਜਗੀਰ ਕੌਰ ਦੇ ਬਾਗ਼ੀ ਤੇਵਰ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ । ਪਰ ਪਾਰਟੀ ਵਿੱਚ ਇਕ ਹੋਰ ਬਾਗ਼ੀ ਅਵਾਜ਼ ਸੁਣਨ ਨੂੰ ਮਿਲ ਰਹੀ ਹੈ। ਨਕੋਦਰ ਤੋਂ ਅਕਾਲੀ ਦਲ ਦੇ 2 ਵਾਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਕੱਢਣ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ । ਉਨ੍ਹਾਂ ਕਿਹਾ ਬੀਬੀ ਜਗੀਰ ਕੌਰ ਦੇ ਜਾਣ ਨਾਲ ਨੁਕਸਾਨ ਹੋਵੇਗਾ। ਉਹ ਪਾਰਟੀ ਦੇ ਪੁਰਾਣੇ ਆਗੂ ਸਨ ਹਰ ਮੁਸ਼ਕਲ ਵੇਲੇ ਪਾਰਟੀ ਦੇ ਨਾਲ ਖੜੇ ਰਹੇ ਹਨ। ਜੇਕਰ ਉਨ੍ਹਾਂ ਨੇ SGPC ਦੇ ਪ੍ਰਧਾਨ ਬਣਨ ਦੀ ਇੱਛਾ ਜਤਾਈ ਸੀ ਤਾਂ ਉਨ੍ਹਾਂ ਨੂੰ ਅਗਲੀ ਵਾਰ ਮੌਕਾ ਦੇਣ ਦਾ ਵਾਅਦਾ ਕਰਕੇ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਵਡਾਲਾ ਨੇ ਕਿਹਾ ਜਦੋਂ ਬੀਬੀ ਜਗੀਰ ਕੌਰ ਨੇ SGPC ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲ਼ਾਨ ਕੀਤਾ ਸੀ ਤਾਂ ਕਈ ਆਗੂਆਂ ਨੇ ਹਿੰਮਤ ਵਿਖਾਈ ਉਨ੍ਹਾਂ ਦਾ ਸਾਥ ਦਿੱਤਾ । ਜਿਹੜੇ ਪਾਰਟੀ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਨਾਲ ਨਹੀਂ ਗਏ ਉਹ ਵੀ ਅੰਦਰ ਖਾਤੇ ਬੀਬੀ ਜਗੀਰ ਕੌਰ ਦੇ ਨਾਲ ਖੜੇ ਸਨ। ਸਾਬਕਾ ਵਿਧਾਇਕ ਨੇ ਕਿਹਾ ਲੋਕਤੰਤਰ ਵਿੱਚ ਹਰ ਇਕ ਨੂੰ ਆਪਣੀ ਅਵਾਜ਼ ਚੁੱਕਣ ਦਾ ਅਧਿਕਾਰ ਹੈ ਇਸ ਨਾਲ ਪਾਰਟੀ ਮਜਬੂਤ ਹੁੰਦੀ ਹੈ। ਇਸ ਨੂੰ ਅਨੁਸ਼ਾਸਨਹੀਨਤਾ ਦੱਸ ਦੇ ਹੋਏ ਪਾਰਟੀ ਤੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ ਹੈ ? ਵਡਾਲਾ ਨੇ ਕਿਹਾ ਪਾਰਟੀ ਨੂੰ ਬੀਬੀ ਜਗੀਰ ਕੌਰ ਦਾ ਮਾਣ ਰੱਖਣਾ ਚਾਹੀਦਾ ਸੀ। 2 ਵਾਰ ਦੇ ਵਿਧਾਇਕ ਨੇ ਪਾਰਟੀ ਦੇ ਮੌਜੂਦਾ ਢਾਂਚੇ ਨੂੰ ਲੈਕੇ ਵੀ ਸਵਾਲ ਚੁੱਕੇ ਅਤੇ ਪੀਐੱਮ ਮੋਦੀ ਦੀ ਤਰੀਫ਼ ਕਰਦੇ ਹੋਏ ਪਾਰਟੀ ਨੂੰ ਵੱਡੀ ਸਿਆਸੀ ਸਲਾਹ ਵੀ ਦਿੱਤੀ
ਵਡਾਲਾ ਨੇ ਚੁੱਕੇ ਪਾਰਟੀ ਦੇ ਢਾਂਚੇ ‘ਤੇ ਸਵਾਲ
ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਅਕਾਲੀ ਦਲ ਦੇ ਮੌਜੂਦਾ ਢਾਂਚੇ ‘ਤੇ ਵੀ ਸਵਾਲ ਚੁੱਕੇ ਹਨ । ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਦਾ ਕੋਈ ਢਾਂਚਾ ਨਹੀਂ ਹੈ ਸਿਰਫ਼ ਅਨੁਸ਼ਾਸਨਿਕ ਕਮੇਟੀ ਹੈ। ਪਾਰਟੀ ਦਾ ਢਾਂਚਾ ਹੋਣਾ ਚਾਹੀਦਾ ਹੈ,ਜਿਹੜਾ ਕੋਈ ਅਵਾਜ਼ ਚੁੱਕ ਦਾ ਹੈ ਉਸ ਨੂੰ ਅਨੁਸ਼ਾਸਨਿਕ ਕਮੇਟੀ ਦੇ ਜ਼ਰੀਏ ਕੱਢ ਦਿੱਤਾ ਜਾਂਦਾ ਹੈ। ਪਾਰਟੀ ਨੂੰ ਉਸ ਨਾਲ ਲਗਾਤਾਰ ਨੁਕਸਾਨ ਹੋ ਰਿਹਾ ਹੈ। ਸਿਰਫ਼ 5 ਤੋਂ 7 ਲੀਡਰ ਹੀ ਪਾਰਟੀ ਚੱਲਾ ਰਹੇ ਹਨ। ਜੇਕਰ ਕੋਈ ਪਾਰਟੀ ਦੇ ਫਾਇਦੇ ਲਈ ਗੱਲ ਕਰਦਾ ਹੈ ਤਾਂ ਚੁਬਣਾ ਨਹੀਂ ਚਾਹੀਦਾ ਹੈ। ਕਿੰਨੀ ਦੇਰ ਅਜਿਹਾ ਚੱਲ ਦਾ ਰਹੇਗਾ । ਜਿਹੜੇ ਟਕਸਾਲੀ ਆਗੂ ਪਾਟਰੀ ਛੱਡ ਕੇ ਗਏ ਹਨ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ। ਵਡਾਲਾ ਨੇ ਝੂੰਦਾ ਕਮੇਟੀ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਪਾਰਟੀ ਪ੍ਰਧਾਨ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਜਨਤ ਕੀਤਾ ਜਾਵੇਗਾ । ਹੁਣ ਤੱਕ ਇਸ ਵਾਅਦੇ ਦਾ ਇੰਤਜ਼ਾਰ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਝੂੰਦਾ ਕਮੇਟੀ ਜਨਤਕ ਹੋਵੇਗੀ ਤਾਂ ਹੀ ਪਤਾ ਚੱਲੇਗਾ ਕਿ ਆਖਿਰ ਕਿਹੜੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਗਿਆ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਪੁੱਛਿਆ ਕਿ ਆਖਿਰ 2017 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦਾ ਅਜਿਹਾ ਕਿਉਂ ਹਾਲ ਹੋਇਆ। ਸਾਰੇ ਹੀ ਆਗੂ ਇਸ ‘ਤੇ ਚਰਚਾ ਕਰਦੇ ਹਨ ਪਰ ਖੁੱਲ ਕੇ ਕੋਈ ਨਹੀਂ ਬੋਲ ਦਾ ਹੈ । ਵਡਾਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਖੁੱਲ ਕੇ ਤਾਰੀਫ਼ ਕੀਤੀ ਅਤੇ ਬੀਜੇਪੀ ਨਾਲ ਗਠਜੋੜ ਵੱਲ ਵੀ ਇਸ਼ਾਰਾ ਕੀਤਾ ।
ਪੀਐੱਮ ਮੋਦੀ ਦੀ ਖੁੱਲ ਕੇ ਤਾਰੀਫ਼ ਕੀਤੀ
ਸਾਬਕਾ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਜਿਹੜੇ ਲੋਕ ਬੀਬੀ ਜਗੀਰ ਕੌਰ ‘ਤੇ ਬੀਜੇਪੀ ਦੇ ਇਸ਼ਾਰੇ ‘ਤੇ ਕੰਮ ਕਰਨ ਦਾ ਇਲਜ਼ਾਮ ਲੱਗਾ ਰਹੇ ਹਨ ਉਹ ਵੀ ਢਾਈ ਦਹਾਕੇ ਤੱਕ ਬੀਜੇਪੀ ਦੇ ਨਾਲ ਰਹੇ ਹਨ। ਉਨ੍ਹਾਂ ਕਿਹਾ ਅਕਾਲੀ ਦਲ ਅਤੇ ਬੀਜੇਪੀ ਦਾ ਪੁਰਾਣਾ ਰਿਸ਼ਤਾ ਹੈ ਅਤੇ ਦੋਵਾਂ ਨੇ ਮਿਲ ਕੇ ਸਰਕਾਰ ਚਲਾਈ ਹੈ ਅਤੇ ਅੱਗੋ ਵੀ ਦੋਵਾਂ ਪਾਰਟੀਆਂ ਦਾ ਗਠਜੋੜ ਹੋਣਾ ਚਾਹੀਦਾ ਹੈ ਤਾਂਕਿ ਪੰਜਾਬ ਨੂੰ ਇਸ ਦਾ ਫਾਇਦਾ ਮਿਲ ਸਕੇ। ਵਡਾਲਾ ਕਿਹਾ ਪਾਰਟੀ ਲੀਡਰਸ਼ਿੱਪ ਨੂੰ ਇਸ ਵੱਲ ਕਦਮ ਵਧਾਉਣਾ ਚਾਹੀਦਾ ਹੈ,ਸਿਰਫ਼ ਇੰਨਾਂ ਹੀ ਨਹੀਂ ਵਡਾਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਸਿੱਖਾਂ ਦੀ ਭਲਾਈ ਦੇ ਲਈ ਉਨ੍ਹਾਂ ਨੇ ਕਈ ਫੈਸਲਾ ਲਏ ਹਨ,ਪੂਰਾ ਦੇਸ਼ ਉਨ੍ਹਾਂ ਨੂੰ ਪਿਆਰ ਕਰਦਾ ਹੈ ਫਿਰ ਕਿਉਂ ਬੀਜੇਪੀ ਤੋਂ ਦੂਰੀ ਬਣਾ ਕੇ ਰੱਖੀ ਜਾਵੇ।