Punjab

AIR ਵਲੋਂ ਦਿੱਲੀ,ਚੰਡੀਗੜ੍ਹ ਤੋਂ ਪੰਜਾਬੀ ਦੇ ਬੁਲੇਟਿਨ ਬੰਦ ਕਰਨ ‘ਤੇ ਦਿੱਤੀ ਸਫਾਈ ‘ਤੇ ਅਕਾਲੀ ਦਲ ਨੇ ਚੁੱਕੇ ਗੰਭੀਰ ਸਵਾਲ !

ਬਿਊਰੋ ਰਿਪੋਰਟ : ਆਲ ਇੰਡੀਆ ਰੇਡੀਓ(AIR) ਵੱਲੋਂ ਪੰਜਾਬੀ ਦੇ ਬੁਲੇਟਿਨ ਦਿੱਲੀ ਅਤੇ ਚੰਡੀਗੜ੍ਹ ਤੋਂ ਬੰਦ ਕਰ ਕੇ ਜਲੰਧਰ ਸ਼ਿਫ਼ਟ ਕਰਨ ਦੇ ਬਾਰੇ ਜਿਹੜੀ ਸਫ਼ਾਈ ਦਿੱਤੀ ਗਈ ਹੈ ਉਸ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕੇ ਹਨ। ਪਹਿਲਾਂ ਖ਼ਬਰ ਆਈ ਸੀ ਕਿ ਆਲ ਇੰਡੀਆ ਰੇਡੀਓ ਵੱਲੋਂ ਦਿੱਲੀ ਅਤੇ ਚੰਡੀਗੜ੍ਹ ਤੋਂ ਪੰਜਾਬੀ ਦੇ ਨਿਊਜ਼ ਬੁਲੇਟਿਨ ਬੰਦ ਕਰ ਦਿੱਤੇ ਅਤੇ ਉਸ ਨੂੰ ਜਲੰਧਰ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਜਿਸ ‘ਤੇ ਆਲ ਇੰਡੀਆ ਰੇਡੀਓ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਦਿੱਲੀ ਅਤੇ ਚੰਡੀਗੜ੍ਹ ਦੇ ਸਟਾਫ਼ ਨੂੰ ਜਲੰਧਰ ਸ਼ਿਫ਼ਟ ਕੀਤਾ ਗਿਆ ਹੈ ਪਰ ਪੰਜਾਬੀ ਦੇ ਨਿਊਜ਼ ਬੁਲੇਟਿਨ ਅਤੇ ਹੋਰ ਪ੍ਰੋਗਰਾਮ ਪਹਿਲਾਂ ਵਾਂਗ ਹੀ ਟੈਲੀਕਾਸਟ ਹੋਣਗੇ। ਇਹ ਇੱਕ ਅੰਦਰੂਨੀ ਪ੍ਰਕਿਆ ਦਾ ਹਿੱਸਾ ਹੈ, AIR ਵੱਲੋਂ ਹਰਿਆਣਾ ਸੂਬੇ ਦੀ ਵੀ ਉਦਾਹਰਨ ਦਿੱਤੀ ਹੈ, ਪਰ ਅਕਾਲੀ ਦਲ ਨੇ ਇਸ ‘ਤੇ ਸਵਾਲ ਚੁੱਕੇ ਹਨ ।

ਗ਼ਲਤ ਜਾਣਕਾਰੀ ਦੇਣ ਵਾਲਿਆਂ ਦਾ ਨਾਂ ਜਨਤਕ ਹੋਵੇ

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ AIR ਜਲੰਧਰ ਦੇ ਅਧਿਕਾਰੀਆਂ ਨੇ ਪੰਜਾਬੀ ਯੂਨਿਟ ਨੂੰ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰਨ ਬਾਰੇ ਮੀਡੀਆ ਨੂੰ ਗੁਮਰਾਹਕੁਨ ਜਾਣਕਾਰੀ ਦਿੱਤੀ ਹੈ। ਚੀਮਾ ਨੇ ਕਿਹਾ ਕਿ ਇਹ ਪੰਜਾਬੀ ਨੂੰ ਕੌਮੀ ਦੇ ਨਾਲ-ਨਾਲ ਸੂਬੇ ਦੀ ਰਾਜਧਾਨੀ ਵਿੱਚ ਖ਼ਤਮ ਕਰਨ ਦੀ ਵੱਡੀ ਸਾਜ਼ਿਸ਼ ਹੈ। ਅਕਾਲੀ ਦਲ ਦੇ ਮੁੱਖ ਬੁਲਾਰੇ ਚੀਮਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਅਫ਼ਸਰਾਂ ਦੇ ਨਾਂ ਜਨਤਕ ਕੀਤੇ ਜਾਣ, ਜਿੰਨ੍ਹਾਂ ਨੇ AIR ਵੱਲੋਂ ਇਹ ਬਿਆਨ ਜਾਰੀ ਕੀਤਾ ਸੀ। ਚੀਮਾ ਨੇ ਕਿਹਾ AIR ਦਾਅਵਾ ਕਰ ਰਿਹਾ ਹੈ ਕਿ ਦਿੱਲੀ ਅਤੇ ਚੰਡੀਗੜ੍ਹ ਸ਼ਿਫ਼ਟ ਕੀਤੇ ਗਏ ਸਟਾਫ਼ ਦੇ ਮੈਂਬਰ ਟਰਾਂਸਲੇਟਰ ਹਨ,ਜਦਕਿ ਇਹ ਸਾਰੇ ਨਿਊਜ਼ ਪੜ੍ਹਨ ਵਾਲੇ ਹਨ। ਜਿੰਨਾਂ ਨੂੰ 14 ਮਈ ਤੋਂ ਜਲੰਧਰ ਸ਼ਿਫ਼ਟ ਹੋਣ ਦੀ ਹਦਾਇਤਾਂ ਦਿੱਤੀਆਂ ਗਈਆਂ ਸਨ ।

ਦਲਜੀਤ ਚੀਮਾ ਨੇ AIR ਦੇ ਇੱਕ ਹੋਰ ਦਾਅਵੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਆਲ ਇੰਡੀਆ ਰੇਡੀਓ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਇਹ ਹੀ ਸਿਸਟਮ ਲਾਗੂ ਕੀਤਾ ਹੈ ਉਨ੍ਹਾਂ ਨੇ ਹਰਿਆਣਾ ਦੇ ਰੇਡੀਓ ਨੂੰ ਚੰਡੀਗੜ੍ਹ ਤੋਂ ਰੋਹਤਕ ਸ਼ਿਫ਼ਟ ਕਰਨ ਦਾ ਜਿਹੜਾ ਦਾਅਵਾ ਕੀਤਾ ਹੈ, ਉਸ ਨੂੰ ਵੀ ਗ਼ਲਤ ਦੱਸਿਆ ਹੈ। ਚੀਮਾ ਨੇ ਕਿਹਾ ਉਲਟਾ DD ਨੂੰ RNU ਹਿਸਾਰ ਤੋਂ ਚੰਡੀਗੜ੍ਹ ਸ਼ਿਫ਼ਟ ਕੀਤਾ ਗਿਆ ਹੈ।