Punjab

ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ ! ਸਭ ਤੋਂ ਪਹਿਲਾਂ ਆਪਣੇ ਕੋਰ ਵੋਟਰ ਦੇ ਦਰ ‘ਤੇ ਪਹੁੰਚੇ ਸੁਖਬੀਰ ਬਾਦਲ

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਲਈ ਆਪਣੀ ਜ਼ਮੀਨ ਤਲਾਸ਼ਨ ਅਤੇ ਮਾਨ ਸਰਕਾਰ ਨੂੰ ਘੇਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਅਟਾਰੀ ਤੋਂ ਕਰ ਦਿੱਤੀ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਤੋਂ ਬਾਅਦ ਸ਼ੁਰੂ ਕੀਤੀ ਗਈ । ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਨਾਲ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ।

ਅਰਦਾਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਿੰਘ ਬਾਦਲ ਅਟਾਰੀ ਪਹੁੰਚੇ ਅਤੇ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ । ਕਿਸਾਨਾਂ ਨੇ ਉਨ੍ਹਾਂ ਨੂੰ ਆਪਣੀ ਸ਼ਰਤਾਂ ‘ਤੇ ਹਮਾਇਤ ਦੇਣ ਦੀ ਗੱਲ ਕਹੀ । ਕਿਸਾਨਾਂ ਨੇ ਸਰਹੱਦ ‘ਤੇ ਲਗੀਆਂ ਕੰਡਿਆਲੀ ਤਾਰਾਂ ਦੇ ਪਾਰ ਉਨ੍ਹਾਂ ਦੀ ਜ਼ਮੀਨ ਦੇ ਮਸਲੇ ਨੂੰ ਚੁੱਕਿਆ,ਸੁਖਬੀਰ ਸਿੰਘ ਬਾਦਲ ਨੇ ਸਰਕਾਰ ਬਣਨ ਤੋਂ ਬਾਅਦ ਪੂਰਾ ਕਰਨ ਦਾ ਭਰੋਸਾ ਦਿੱਤਾ ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਦੇ ਬਾਅਦ ਆਮ ਆਦਮੀ ਪਾਰਟੀ ‘ਤੇ ਤੰਜ ਕੱਸ ਦੇ ਹੋਏ ਕਿਹਾ ਵੱਡੇ ਸੁਪਣੇ ਵਿਖਾ ਕੇ ਸਰਕਾਰ ਪੰਜਾਬ ਵਿੱਚ ਬਣਾ ਲਈ ਪਰ ਕੋਈ ਕੰਮ ਨਹੀਂ ਕੀਤਾ । ਸੂਬੇ ਵਿੱਚ ਨਸ਼ਾ ਵਧਿਆ,ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆਏ। ਕਾਨੂੰਨ ਦੀ ਹਾਲਤ ਖਰਾਬ ਹੋਈ,ਵਿਕਾਸ ਠੱਪ ਹੋ ਗਿਆ। ਇਸੇ ਲਈ ਅਕਾਲੀ ਦਲ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਹੈ ।

43 ਹਲਕਿਆਂ ਵਿੱਚ ਜਾਵੇਗੀ ਯਾਤਰਾ

ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਯਾਤਰਾ ਦਾ ਕਲੰਡਰ ਜਾਰੀ ਕੀਤਾ ਸੀ। ਯਾਤਰਾ ਅੰਮ੍ਰਿਤਸਰ ਦੇ ਅਟਾਰੀ ਤੋਂ ਸ਼ੁਰੂ ਹੋਵੇਗੀ ਅਤੇ 6ਵੇਂ ਦਿਨ ਤਰਨਤਾਰਨ ਵਿੱਚ ਦਾਖਲ ਹੋਵੇਗੀ । ਸੁਖਬੀਰ ਬਾਦਲ ਇਸ ਦੌਰਾਨ ਸਾਬਕਾ ਅਕਾਲੀ ਦਲ ਦੀ ਸਰਕਾਰ ਦੇ ਕੰਮ ਗਿਣਵਾਉਣਗੇ ਅਤੇ ਆਮ ਆਦਮੀ ਪਾਰਟੀ ਦੀ ਨਾਕਾਮਯਾਬੀਆਂ ਬਾਰੇ ਦੱਸਣਗੇ । ਇੱਕ ਮਹੀਨੇ ਵਿੱਚ ਸੂਬੇ ਦੇ 43 ਹਲਕਿਆਂ ਨੂੰ ਯਾਤਰਾ ਕਵਰ ਕਰੇਗੀ ।

ਅਕਾਲੀ ਦਲ ਦਾ ਫੋਕਸ ਕਿਸਾਨ

ਸਾਬਕਾ ਅਕਾਲੀ ਦਲ ਦੀ ਸਰਕਾਰ ਦੀ ਉਪਲਬਦੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਵੱਧ ਤੋਂ ਵੱਧ ਕਿਸਾਨਾਂ ‘ਤੇ ਆਪਣਾ ਧਿਆਨ ਕੇਂਦਰਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸੁਵਿਧਾ ਦਿੱਤੀ ਸੀ। 3.81 ਲੱਖ ਕਿਸਾਨਾਂ ਨੂੰ ਟਿਊਬਵੈਲ ਦੇ ਕੁਨੈਕਸ਼ਨ ਦਿੱਤੇ । ਅਕਾਲੀ ਦਲ ਦੇ ਕਾਰਜਕਾਲ ਦੇ ਦੌਰਾਨ ਮੌਜੂਦਾ ਸੜਕ ਨੈੱਟਵਰਕ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਨਾਲ ਬਦਲਾਅ ਆਇਆ ਅਤੇ 40 ਹਜ਼ਾਰ ਕਰੋੜ ਦੀ ਲਾਗਤ ਨਾਲ ਸੂਬੇ ਵਿੱਚ ਸੜਕਾਂ ਬਣਿਆ। ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਬਣੇ 6 ਥਰਮਲ ਪਲਾਂਟ ਦਾ ਜ਼ਿਕਰ ਕੀਤਾ,ਅੰਮਿਤਸਰ,ਮੁਹਾਲੀ,ਬਠਿੰਡਾ,ਸਾਹਨੇਵਾਲ,ਆਦਮਪੁਰ,ਪਠਾਨਕੋਟ ਦੇ ਹਵਾਈ ਅੱਡਿਆਂ ਦਾ ਜ਼ਿਕਰ ਕੀਤਾ ।

ਸੁਖਬੀਰ ਸਿੰਘ ਬਾਦਲ ਬਾਦਲ ਯਾਤਰਾ ਦੇ ਦੌਰਾਨ ਭਗਵੰਤ ਸਰਕਾਰ ਵੱਲੋਂ ਲਏ ਗਏ ਕਰਜ਼ ਦਾ ਮੁੱਦਾ ਲੋਕਾਂ ਦੇ ਸਾਹਮਣੇ ਰੱਖਣਗੇ। ਕਿਵੇਂ 20 ਮਹੀਨੇ ਦੇ ਅੰਦਰ 60 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ । ਆਪ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਹਵਾਈ ਯਾਤਰਾਵਾਂ ਅਤੇ ਚੋਣ ਖਰਚੇ ਦਾ ਬੋਝ ਪੰਜਾਬ ਦੇ ਖਜ਼ਾਨੇ ‘ਤੇ ਪਾਇਆ ਗਿਆ । ਸੂਬੇ ਵਿੱਚ ਕਾਨੂੰਨ ਦੀ ਹਾਲਤ ਖਰਾਬ ਹੈ, ਗੁਰੂ ਘਰਾਂ ਦੇ ਅੰਦਰ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ।