Punjab

ਗੋਇੰਦਵਾਲ ਜੇਲ੍ਹ ਵਿੱਚ ਕੱਲ ਹੋਈ ਘਟਨਾ ‘ਤੇ ਸੁਖਬੀਰ ਸਿੰਘ ਬਾਦਲ ਨੇ ਘੇਰੀ ਮਾਨ ਸਰਕਾਰ

ਚੰਡੀਗੜ੍ਹ :  ਪੰਜਾਬ ਦੇ ਮਾਝਾ ਖਿੱਤੇ ਵਿੱਚ ਪੈਂਦੀ ਜੇਲ੍ਹ ਵਿੱਚ ਕੈਦ ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਹੋਈ ਆਪਸੀ ਲੜਾਈ ਤੇ ਦੋ ਗੈਂਗਸਟਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਸੂਬਾ ਸਰਕਾਰ ਵੱਲ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਵਿਰੋਧੀ ਧਿਰ ਇਸ ਗੱਲ ਨੂੰ ਲੈ ਕੇ ਸਰਗਰਮ ਹੋ ਗਈ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਮੌਜੂਦਾ ਹਾਲਾਤਾਂ ਦੀ ਤੁਲਨਾ ਜੰਗਲ ਰਾਜ ਨਾਲ ਕੀਤੀ ਹੈ।

ਆਪਣੀ ਫੇਸਬੁੱਕ ਪੋਸਟ ਵਿੱਚ ਬਾਦਲ ਨੇ ਲਿਖਿਆ ਹੈ ਕਿ ਆਪ ਪਾਰਟੀ ਦੇ ਜੰਗਲ ਰਾਜ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ।ਦੁਕਾਨਾਂ ‘ਤੇ ਵਪਾਰੀ ਤੇ ਘਰਾਂ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਅਜਨਾਲਾ ਵਿੱਚ ਵਾਪਰੀ ਘਟਨਾ ਤੇ ਵੀ ਬਾਦਲ ਨੇ ਕਿਹਾ ਹੈ ਕਿ ਥਾਣਿਆਂ ‘ਚ ਪੁਲਿਸ ਵਾਲੇ ਸੁਰੱਖਿਅਤ ਨਹੀਂ ਹਨ।

ਇਸ ਤੋਂ ਇਲਾਵਾ ਅਕਾਲੀ ਦਲ ਪ੍ਰਧਾਨ ਨੇ ਸਿੱਧੂ ਮੂਸੇਵਾਲਾ ਕਤਲ ਵਿੱਚ ਸ਼ਾਮਲ 2 ਗੈਂਗਸਟਰਾਂ ਦੀ ਕੱਲ੍ਹ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਹੋਈ ਹੱਤਿਆ ਦੀ ਸੁਤੰਤਰ ਜਾਂਚ ਦੀ ਲੋੜ ਦੱਸੀ ਹੈ ਤੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ।ਜ਼ਿਕਰਯੋਗ ਹੈ ਕਿ ਕੱਲ ਗੋਇੰਦਵਾਲ ਕੇਂਦਰੀ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਗੁੱਟਾਂ ਦੀ ਆਪਸੀ ਲੜਾਈ ਖੂਨੀ ਰੂਪ ਅਖਤਿਆਰ ਕਰ ਗਈ ਸੀ ,ਜਿਸ ਦੌਰਾਨ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਵਿੱਚ ਨਾਮਜ਼ਦ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ ਤੇ 5 ਜ਼ਖਮੀ ਹੋਏ ਸਨ।