ਚੰਡੀਗੜ੍ਹ : ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਦੇ ਰੱਦ ਹੋਣ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ‘ਤੇ ਘਪਲੇ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਹਾਈ ਕੋਰਟ ਨੇ ਹੇਰਾਫੇਰੀਆਂ ਹੋਣ ਕਾਰਨ ਇਹ ਭਰਤੀ ਰੱਦ ਕਰਨੇ ਦੇ ਹੁਕਮ ਜਾਰੀ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਭਾਵੇਂ ਇਹਨਾਂ ਦੀ ਸਰਕਾਰ ਬਣ ਗਈ ਹੈ ਪਰ ਗੁਜਰਾਤ ਤੇ ਹਿਮਾਚਲ ਦੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ।
ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕਾਂ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਨੇ ਪੁਰਾਣੇ ਬਣੇ ਹੋਏ ਸੇਵਾ ਕੇਂਦਰਾਂ,ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਰੰਗ ਰੋਗਨ ਕਰਵਾ ਕੇ ਉਸ ‘ਤੇ ਆਪਣਾ ਨਾਂ ਲਿਖਵਾਇਆ ਹੈ।
ਇਸ ਤੋਂ ਇਲਾਵਾ ਬਾਦਲ ਨੇ ਦਾਅਵਾ ਕੀਤਾ ਹੈ ਕਿ ਸਕੂਲ ਆਫ ਐਮੀਨੇਂਸ ਵੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਮੈਰੀਟੋਰੀਅਲ ਸਕੂਲਾਂ ਨੂੰ ਬਦਲ ਕੇ ਬਣਾਏ ਗਏ ਹਨ।
ਬਾਦਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੇ 10 ਮਹੀਨਿਆਂ ਵਿੱਚ ਪੰਜਾਬ ਦੇ ਵਿੱਤੀ ਹਾਲਾਤ ਬਦ ਤੋਂ ਬਦਤਰ ਹੋਏ ਹਨ ਤੇ 40 ਹਜਾਰ ਕਰੋੜ ਦਾ ਕਰਜਾ ਸੂਬੇ ਦੇ ਸਿਰ ਚੜ ਗਿਆ ਹੈ। ਬਿਜਲੀ ਵਿਭਾਗ ਦੀ ਵੀ ਹਾਲਾਤ ਪਤਲੀ ਹੋ ਗਈ ਹੈ ਤੇ ਹੁਣ ਆਉਣ ਵਾਲੀਆਂ ਗਰਮੀਆਂ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਦੀ ਇੰਡਸਟਰੀ ਵੀ ਹੁਣ ਹੋਰਨਾਂ ਸੂਬਿਆਂ ਵੱਲ ਰੁਖ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਮਾਹੌਲ ਸੁਰੱਖਿਅਤ ਨਹੀਂ ਮਿਲ ਰਿਹਾ ਹੈ। ਪੰਜਾਬ ਵਿੱਚ ਸਾਰੇ ਕਾਨੂੰਨ ਦਿੱਲੀ ਤੋਂ ਪਾਸ ਹੁੰਦੇ ਹਨ।
ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਹਾਰ-ਜਿੱਤ ਲੱਗੀ ਰਹਿੰਦੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 24 ਘੰਟੇ ਜਨਤਾ ਵਿੱਚ ਰਹਿਣ ਵਾਲੀ ਪਾਰਟੀ ਹੈ।ਚੋਣ ਹੋਵੇ ਜਾ ਨਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ।ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਸਿਰਫ ਅਕਾਲੀ ਦਲ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਜਾਰੀ ਹੋਏ ਸਮੁੰਦਰੀ ਰਸਤੇ ਰਾਹੀਂ ਕੋਲਾ ਮੰਗਵਾਉਣ ਦੇ ਨਿਰਦੇਸ਼ਾਂ ਤੇ ਵੀ ਬਾਦਲ ਨੇ ਹੈਰਾਨੀ ਪ੍ਰਗਟਾਈ ਹੈ।
ਪ੍ਰੀਪੇਡ ਮੀਟਰਾਂ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਹੈ ਕਿ ਪਹਿਲਾਂ ਦਫਤਰਾਂ ਦੇ ਬਿਜਲੀ ਬਿੱਲਾਂ ਦਾ 2500 ਕਰੋੜ ਬਕਾਇਆ ਭਰਨਾ ਚਾਹੀਦਾ ਹੈ।ਜਦ ਪੈਸਾ ਹੀ ਨਹੀਂ ਹੋਵੇਗਾ ਤਾਂ ਇਹ ਚਲਾਏ ਕਿਵੇਂ ਜਾਣਗੇ।
ਬੀਤੇ ਸਮੇਂ ਵਿੱਚ ਮੋਦੀ ਸਰਕਾਰ ਨੂੰ ਅਕਾਲੀ ਦਲ ਵਲੋਂ ਦਿੱਤੇ ਗਏ ਸਹਿਯੋਗ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਹੈ ਕਿ ਉਸ ਵੇਲੇ ਲੋਕਾਂ ਦੀ ਭਲਾਈ ਲਈ ਹੀ ਬਾਦਲ ਸਰਕਾਰ ਨੇ ਇਹ ਕਦਮ ਚੁੱਕਿਆ ਸੀ ਕਿਸਾਨੀ ਬਿੱਲਾਂ ਨੂੰ ਲਾਗੂ ਕਰਨ ਦੀ ਕਾਰਵਾਈ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ ਸੀ ਪਰ ਬਸਪਾ ਨਾਲ ਅਕਾਲੀ ਦਲ ਦਾ ਸਮਝੌਤਾ ਹੈ ਤੇ ਹੁਣ ਆਉਣ ਵਾਲੀਆਂ ਚੋਣਾਂ ਰਲ ਕੇ ਲੜੀਆਂ ਜਾਣਗੀਆਂ।
ਤਿੰਨ ਕਾਲੇ ਕਾਨੂੰਨਾਂ ਦੇ ਖਰੜੇ ‘ਤੇ ਬਾਦਲ ਪਰਿਵਾਰ ਦੀ ਸਹਿਮਤੀ ਅਤੇ ਦਸਤਖਤ ਸੰਬੰਧੀ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਇਸ ਤਰਾਂ ਦਾ ਕੋਈ ਵੀ ਕਾਗਜ ਜੇਕਰ ਹੈ ਤਾਂ ਦਿਖਾਇਆ ਜਾਵੇ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਦੀ ਮੀਟਿੰਗ ਵਿੱਚ ਇਸ ਦਾ ਵਿਰੋਧ ਕੀਤਾ ਸੀ।
ਇਸ ਤੋਂ ਇਲਾਵਾ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਜਾਣ ਮਗਰੋਂ ਕੋਈ ਵੀ ਤਰੱਕੀ ਨਹੀਂ ਹੋਈ ਹੈ । ਪੰਜਾਬ ਦੀ ਆਪ ਸਰਕਾਰ ਨੇ ਕੁੱਝ ਨਹੀਂ ਕੀਤਾ ਹੈ। ਆਪ ਸਰਕਾਰ ਦੀਆਂ ਨਕੋਦਰ ਤੇ ਸ਼ਾਹਕੋਟ ਦੇ ਵਿਧਾਇਕਾਂ ‘ਤੇ ਵੀ ਉਹਨਾਂ ਅਸਿੱਧੇ ਤੌਰ ‘ਤੇ ਰੇਤ ਮਾਫੀਆ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਹਨ।