Punjab

ਮੁੜ ਸੱਤਾ ਦੇ ਸੁਪਨੇ, ਅਕਾਲੀਆਂ ਵੱਲੋਂ ਕੈਪਟਨ ਸਰਕਾਰ ਭੰਗ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਵੱਲੋਂ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਸੂਬੇ ਅੰਦਰ ਸੰਵਿਧਾਨਿਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਾਰਜਪਾਲਿਕਾ ਨੂੰ ਧਮਕਾਉਣ ਲਈ ਕਾਂਗਰਸੀ ਮੰਤਰੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ।

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤੇ ਸਿਵਲ ਸਰਵਿਸ ਦੇ ਮੁਖੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਲਈ ਮੰਤਰੀ ਮੰਡਲ ਨੁੰ ਨੈਤਿਕ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਇਸ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਮੰਤਰੀਆਂ ਵੱਲੋਂ ਇਹ ਸਾਰਾ ਡਰਾਮਾ ਆਪਣੇ ਸਰਕਾਰੀ ਖਜ਼ਾਨੇ ਦੀ ਗੈਰਕਾਨੂੰਨੀ ਲੁੱਟ ਦੇ ਧੰਦੇ ਨੂੰ ਬਚਾਉਣ ਲਈ ਕੀਤਾ ਗਿਆ ਹੈ।

ਮਜੀਠੀਆ ਨੇ ਕਿਹਾ ਮੰਤਰੀਆਂ ਨੇ ਮੁੱਖ ਸਕੱਤਰ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਹੈ, ਕਿਉਂਕਿ ਉਸ ਨੇ ਪੂਰਵ ਕੈਬਨਿਟ ਮੀਟਿੰਗ ਵਿੱਚ ਇਹ ਗੱਲ ਉਠਾਈ ਸੀ ਕਿ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸ ਸੰਬੰਧੀ ਬਠਿੰਡਾ ਜ਼ਿਲ੍ਹੇ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ 2000 ਕਰੋੜ ਰੁਪਏ ਘੁਟਾਲੇ ਦਾ ਪਰਦਾਫਾਸ਼ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਕੀਤੇ ਜਾਣ ਦੀ ਲੋੜ ਹੈ।

ਅਕਾਲੀ ਆਗੂ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨੇ ਕੱਲ੍ਹ ਦੀ ਹਰਕਤ ਨਾਲ ਨਾ ਸਿਰਫ ਕਾਰਜਪਾਲਿਕਾ ਦਾ ਨਿਰਾਦਰ ਕੀਤਾ ਹੈ, ਸਗੋਂ ਮੁੱਖ ਮੰਤਰੀ ਦੇ ਦਫ਼ਤਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸੰਵਿਧਾਨ ਦੇ ਨਿਯਮਾਂ ਅਨੁਸਾਰ ਨਹੀਂ ਹੈ ਅਤੇ ਇਸ ਸਰਕਾਰ ਦਾ ਬਣੇ ਰਹਿਣਾ ਸੰਵਿਧਾਨ ਦੀ ਉਲੰਘਣਾ ਹੈ। ਮਜੀਠੀਆ ਨੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਅਜਿਹੇ ਸਮੇਂ ਵਿੱਚ ਅਗਵਾਈ ਰਹਿਤ ਹੋ ਚੁੱਕਿਆ ਹੈ, ਜਦੋਂ ਲੋਕੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਰਾਹਤ ਤੇ ਹਮਦਰਦੀ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਔਖੇ ਸਮੇਂ ਵਿੱਚ ਸੂਬੇ ਦੀ ਕੈਬਨਿਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਨੂੰ ਸਿਰਫ਼ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਚੋਂ ਮਿਲਦੇ ਆਪਣੇ ਹਿੱਸੇ ਦੀ ਚਿੰਤਾ ਹੈ। ਇਸ ਤੋਂ ਇਲਾਵਾ ਇਸ ਨੂੰ ਨਾ ਸਿਹਤ ਢਾਂਚੇ ਦੀ ਫਿਕਰ ਹੈ ਅਤੇ ਨਾ ਹੀ ਲੋੜਵੰਦਾਂ ਨੂੰ ਕੇਂਦਰੀ ਰਾਸ਼ਨ ਵੰਡਣ ਜਾਂ ਆਮ ਆਦਮੀ ਨੂੰ ਕੋਈ ਰਾਹਤ ਦੇਣ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਹ ਸਾਰੇ ਮਸਲੇ ਸਰਕਾਰੀ ਏਜੰਡੇ ਦਾ ਹਿੱਸਾ ਹੀ ਨਹੀਂ ਸਨ ਅਤੇ ਉੱਥੇ ਸਿਰਫ਼ ਸ਼ਰਾਬ ਬਾਰੇ ਚਰਚਾ ਕੀਤੀ ਗਈ।

ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਉਹ ਮੁੱਖ ਸਕੱਤਰ ਦੇ ਸਮਰਥਕ ਨਹੀਂ ਹਨ, ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦੂਜੇ ਅਧਿਕਾਰੀਆਂ ਦੀ ਅਗਵਾਈ ਕਰਨ ਵਾਸਤੇ ਕਰਨ ਅਵਤਾਰ ਸਿੰਘ ਦੀ ਚੋਣ ਸਰਕਾਰ ਦੁਆਰਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਵੱਲੋਂ ਕਾਂਗਰਸ ਕਾਰਜਕਾਲ ਦੌਰਾਨ ਹਮੇਸ਼ਾਂ ਹੀ ਬਹੁਤ ਸ਼ਾਨਦਾਰ ਰਿਪੋਰਟਾਂ ਦਿੱਤੀਆਂ ਗਈਆਂ ਹਨ, ਪਰੰਤੂ ਹੁਣ ਸੇਵਾਮੁਕਤ ਹੋਣ ਤੋਂ ਸਿਰਫ਼ ਚਾਰ ਮਹੀਨੇ ਪਹਿਲਾਂ ਉਹ ਇਕਦਮ ਬੁਰਾ ਵਿਅਕਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਮੰਤਰੀਆਂ ਨੇ ਇਸ ਅਧਿਕਾਰੀ ਵਿਰੁੱਧ ਇੱਕ ਗਿਰੋਹ ਬਣਾ ਲਿਆ ਹੈ, ਕਿਉਂਕਿ ਉਹ ਇਸ ਸਿਸਟਮ ਦੀ ਰਾਖੀ ਕਰਨ ਵਾਲੀ ਆਖ਼ਰੀ ਦੀਵਾਰ ਹੈ।

ਮੌਜੂਦਾ ਹਾਲਾਤ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਸੂਬੇ ਕੋਲ ਟੀਚੇ ਨਾਲੋਂ ਵਾਧੂ ਮਾਲੀਆ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿੱਤ ਮੰਤਰੀ ਬਿਲਕੁੱਲ ਉਲਟ ਬਿਆਨਬਾਜ਼ੀ ਕਰ ਰਿਹਾ ਹੈ ਜਦਕਿ ਤਾਲਾਬੰਦੀ ਮਾਰਚ ਦੇ ਆਖ਼ਰੀ ਹਫ਼ਤੇ ਸ਼ੁਰੂ ਹੋਈ ਸੀ, ਜਦੋਂ ਵਿੱਤੀ ਸਾਲ ਮੁਕੰਮਲ ਹੋ ਜਾਂਦਾ ਹੈ।