Punjab

ਅਜਨਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ !

 

ਬਿਊਰੋ ਰਿਪੋਰਟ : ਅਜਨਾਲਾ ਪੁਲਿਸ ਸਟੇਸ਼ਨ ਵਿੱਚ ਹਿੰਸਾ ਦੇ ਇਲਜ਼ਾਮ ਵਾਰਿਸ ਪੰਜਾਬ ਦੇ ਮੁਖੀ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਲੱਗੇ ਸਨ। ਹੁਣ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਲਾਨ ਅਜਨਾਲਾ ਕੋਰਟ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ 20 ਸਾਥੀਆਂ ਦੇ ਖ਼ਿਲਾਫ਼ ਪੇਸ਼ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ 250 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਵੀ FIR ਦਰਜ ਕੀਤੀ ਹੋਈ ਸੀ ।

ਜਾਣਕਾਰੀ ਦੇ ਮੁਤਾਬਿਕ ਕੋਰਟ ਵਿੱਚ ਪੇਸ਼ ਚਲਾਨ ਗੁਰਪਾਲ ਸਿੰਘ ਅਤੇ ਹੋਰ ਲੋਕਾਂ ਦੇ ਨਾਂ ਨਾਲ ਕੀਤਾ ਗਿਆ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਹੋਣ ਦੀ ਵਜ੍ਹਾ ਕਰ ਕੇ ਵਾਰਿਸ ਪੰਜਾਬ ਦੇ ਮੁਖੀ ਖ਼ਿਲਾਫ਼ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ । ਜਲਦ ਹੀ ਉਨ੍ਹਾਂ ਦੇ ਖ਼ਿਲਾਫ਼ ਵੀ ਪੁਲਿਸ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ । ਪੁਲਿਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ IPC ਦੀ ਧਾਰਾ 307, 353, 186, 120B ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਨ ਦੇ ਲਈ ਕਿਹਾ ਗਿਆ ਹੈ । ਪੁਲਿਸ ਵੱਲੋਂ ASI ਰਤਨ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਚਲਾਨ ਪੇਸ਼ ਕਰ ਕੇ ਮੁੱਖ ਗਵਾਹ ਦੇ ਤੌਰ ‘ਤੇ SP ਜੁਗਰਾਜ ਸਿੰਘ ਨੂੰ ਵੀ ਰੱਖਿਆ ਗਿਆ ਹੈ, ਜਿੰਨਾ ਦੇ ਸਿਰ ‘ਤੇ 10 ਤੋਂ ਵੱਧ ਟਾਂਕੇ ਆਏ ਸਨ ।

ਤੂਫ਼ਾਨ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਥਾਣੇ ‘ਤੇ ਕੀਤਾ ਸੀ ਪ੍ਰਦਰਸ਼ਨ

23 ਫਰਵਰੀ ਨੂੰ ਵਾਰਿਸ ਪੰਜਾਬ ਨਾਲ ਜੁੜੇ ਹਜ਼ਾਰਾਂ ਨੌਜਵਾਨਾਂ ਨੇ ਅਜਨਾਲਾ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ । ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਅਜਨਾਲਾ ਪੁਲਿਸ ਨੇ ਤੂਫ਼ਾਨ ਸਿੰਘ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈ ਲਏ ਸਨ । ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਬੈਰੀਕੇਡ ਵੀ ਲਗਾਏ ਸਨ । ਮੌਕੇ ‘ਤੇ ਹੋਈ ਹਿੰਸਾ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ ।

ਅਜਨਾਲਾ ਹਿੰਸਾ ਕਿਉਂ ਹੋਈ ?

ਅਜਨਾਲਾ ਪੁਲਿਸ ਥਾਣੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਤੂਫ਼ਾਨ ਸਿੰਘ ਸਮੇਤ 30 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਹੈ। ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨ ਵਾਲੇ ਇੱਕ ਨੌਜਵਾਨ ਨੇ ਕਿਡਨੈਪਿੰਗ ਕਰਨ ਅਤੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ । ਦਰਅਸਲ 15 ਫਰਵਰੀ ਦੀ ਰਾਤ ਅਜਨਾਲਾ ਵਿੱਚ ਪਹੁੰਚੇ ਚਮਕੌਰ ਸਾਹਿਬ ਦੇ ਬਰਿੰਦਰ ਸਿੰਘ ਨੂੰ ਕੁੱਝ ਲੋਕਾਂ ਨੇ ਅਗਵਾ ਕਰ ਲਿਆ ਸੀ ਅਤੇ ਜੰਡਿਆਲਾ ਗੁਰੂ ਦੇ ਕੋਲ ਮੋਟਰ ‘ਤੇ ਬਰਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਸੀ । ਜਿਸ ਦੇ ਖ਼ਿਲਾਫ਼ ਸ਼ਿਕਾਇਤਕਰਤਾ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ । ਇਸੇ ਕੇਸ ਵਿੱਚ ਪੁਲਿਸ ਨੇ ਤੂਫ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ । ਇਸ ਦੇ ਖ਼ਿਲਾਫ਼ ਵਾਰਿਸ ਪੰਜਾਬ ਦੇ ਮੁਖੀ ਵੱਲੋਂ ਅਜਨਾਲਾ ਥਾਣੇ ਦੇ ਬਾਹਰ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਹਿੰਸਾ ਹੋਈ ਸੀ ।