‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਥੱਲੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਨੂੰਨਾਂ ਦੇ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ਦੇ ਅਧੀਨ ‘ਮਾਲ ਆਫ ਅਮ੍ਰਿਤਸਰ’ (AlphaOne) ਦੇ ਬਾਹਰ ਲੱਗਾ ਧਰਨਾ 26ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਧਰਨੇ ਦੀ ਅਗਵਾਈ ਕਰ ਰਹੇ ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ‘ਧਰਨੇ ਨੂੰ ਹਰ ਵਰਗ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ’।
ਅੱਜ ਮਾਲ ਆਫ ਅੰਮ੍ਰਿਤਸਰ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵਫਦ ਨੇ ਬਲਦੇਵ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ ਕਿ 17 ਅਕਤੂਬਰ ਤੋਂ ਰਿਲਾਇੰਸ ਦੇ 5 ਸਟੋਰ ਬੰਦ ਕੀਤੇ ਹੋਏ ਹਨ। ਜਦੋਂ ਤੱਕ ਕਿਸਾਨਾਂ ਦੇ ਸੰਘਰਸ਼ ਚੱਲਣਗੇ, ਉਦੋਂ ਤੱਕ ਰਿਲਾਇੰਸ ਦੇ ਸਟੋਰ ਬੰਦ ਰੱਖੇ ਜਾਣਗੇ। ਬਾਕੀ ਮਾਲ ਦੇ 1550 ਮੁਲਾਜ਼ਮਾਂ ਦੀ ਨੌਕਰੀ ਨੂੰ ਖਤਰੇ ਤੋਂ ਬਚਾਉਣ ਲਈ ਉਨ੍ਹਾਂ ਦੇ ਮੰਗ ਪੱਤਰ ਨੂੰ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਦੀ ਅਪੀਲ ਕੀਤੀ।
ਮੰਗ ਪੱਤਰ ਵਿੱਚ ਕੀ ਲਿਖਿਆ ਗਿਆ ?
ਮਾਲ ਆਫ ਅੰਮ੍ਰਿਤਸਰ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵਫਦ ਨੇ ਮੰਗ ਪੱਤਰ ਵਿੱਚ ਬੇਨਤੀ ਕਰਦਿਆਂ ਕਿਹਾ ਕਿ ‘ਮਾਲ ਆਫ ਅੰਮ੍ਰਿਤਸਰ ਦੀ ਮਾਲਕਾਨਾ ਕੰਪਨੀ, ਜਿਸਦਾ ਨਾਮ NEXUS MALL ਹੈ, ਦਾ ਅੰਬਾਨੀ ਜਾਂ ਅਡਾਨੀ ਨਾਲ ਕੋਈ ਸਬੰਧ ਨਹੀਂ ਹੈ। ਤੁਹਾਡੇ ਹੁਕਮ ਮੁਤਾਬਕ ਰਿਲਾਇੰਸ ਦੇ ਪੰਜ ਸਟੋਰ ਬੰਦ ਕਰ ਦਿੱਤੇ ਗਏ ਹਨ।
ਇਸ ਮਾਲ ਦੇ ਅੰਦਰ ਲਗਭਗ 1550 ਕਰਮਚਾਰੀ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਘਰ-ਪਰਿਵਾਰ ਦਾ ਖ਼ਰਚਾ ਇਸੇ ਮਾਲ ਉੱਤੇ ਨਿਰਭਰ ਹੈ। ਮਾਲ ਵਿੱਚ ਨੌਕਰੀ ਕਰਨ ਵਾਲੇ ਜ਼ਿਆਦਾਤਾਰ ਕਰਮਚਾਰੀ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਨ। ਕੋਰੋਨਾ ਮਹਾਂਮਾਰੀ ਦੌਰਾਨ ਇਹ ਮਾਲ ਚਾਰ ਮਹੀਨੇ ਬੰਦ ਰਿਹਾ ਸੀ। ਇਸ ਦੌਰਾਨ ਇਸ ਮਾਲ ਨੇ ਮਕਬੂਲਪੁਰਾ ਥਾਣੇ ਦੀ ਮਦਦ ਦੇ ਨਾਲ ਗਰੀਬ ਪਰਿਵਾਰਾਂ ਨੂੰ ਸੁੱਕੀ ਰਸਦ ਵੰਡੀ ਸੀ।
ਇਸ ਮਾਲ ਦੇ ਅੰਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਰ ਇੰਜੀਨਿਰਿੰਗ ਅਤੇ ਐਡਮਿਨਿਸਟਰੇਟਿਵ ਅਤੇ ਹੋਰ ਕਾਲਜਾਂ ਦੇ ਬੱਚਿਆਂ ਨੂੰ ਮੁਫਤ ਪਰੈਕਟੀਕਲ ਟਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਅੰਮ੍ਰਿਤਸਰ ਜ਼ਿਲ੍ਹਾ ਸ਼ਹਿਰੀ ਅਤੇ ਪੇਂਡੂ ਸਕੂਲਾਂ ਦੇ ਬੱਚਿਆਂ ਨੂੰ ਫਾਇਰ ਅਤੇ ਸੇਫਟੀ ਦੀ ਮੁਫਤ ਟਰੇਨਿੰਗ ਕਰਵਾਈ ਜਾਂਦੀ ਹੈ। ਇਹ ਟਰੇਨਿੰਗ ਅੱਗੇ ਜਾ ਕੇ ਇਨ੍ਹਾਂ ਬੱਚਿਆਂ ਦੇ ਹੋਰ ਕੰਮ ਅਤੇ ਨੌਕਰੀ ਵਾਸਤੇ ਕੰਮ ਆਵੇਗੀ।
ਮਕਬੂਲਪੁਰਾ ਵਿੱਚ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਕੈਂਪ ਲਗਵਾਏ ਜਾਂਦੇ ਹਨ, ਜਿੰਨ੍ਹਾਂ ਵਿੱਚ ਮੁਫਤ ਡਾਕਟਰੀ ਸਿਹਤ ਸਲਾਹ ਦਿੱਤੀ ਜਾਂਦੀ ਹੈ। ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਮੈਡੀਕਲ ਟਰੀਟਮੈਂਟ ਵਾਸਤੇ ਕਾਰਡ ਬਣਾ ਕੇ ਦਿੱਤੇ ਜਾਂਦੇ ਹਨ।
ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਰਿਲਾਇੰਸ ਪ੍ਰਾਈਵੇਟ ਪੈਟਰੋਲ ਤੇ ਡੀਜ਼ਲ ਪੰਪ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਉਸੇ ਤਰ੍ਹਾਂ ਹੀ ਮਾਲ ਆਫ ਅੰਮ੍ਰਿਤਸਰ ਦੀ ਐਂਟਰੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਮਾਲ ਆਫ ਅੰਮ੍ਰਿਤਸਰ ਦੀ ਮੈਨੇਜਮੈਂਟ ਅਤੇ ਸਾਰ ਕਰਮਚਾਰੀ ਹੱਥ ਜੋੜ ਬੇਨਤੀ ਕਰਦੇ ਹਾਂ ਕਿ ਸਾਡੇ ਮਾਲ ਦੇ ਗੇਟ ਨੰ: 3 ਤੋਂ ਧਰਨਾ ਚੁੱਕ ਲੈਣ ਦੀ ਕ੍ਰਿਪਾਲਤਾ ਕੀਤੀ ਜਾਵੇ।