Punjab

ਪੁਣਛ ਜ਼ਿਲ੍ਹੇ ’ਚ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ

ਪੁਣਛ : ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਬਟਾ-ਡੋਰੀਆ ਇਲਾਕੇ ਦੇ ਸੰਘਣੇ ਜੰਗਲਾਂ ’ਚ ਅਤਿਵਾਦੀਆਂ ਦੀ ਭਾਲ ਲਈ ਡਰੋਨ ਅਤੇ ਖੋਜੀ ਕੁੱਤਿਆਂ ਦੀ ਵਰਤੋਂ ਕੀਤੀ ਗਈ ।ਤੇ ਇਸ ਕੰਮ ਲਈ ਇੱਕ ਐੱਮਆਈ ਹੈਲੀਕਾਪਟਰ ਦੀ ਵੀ ਵਰਤੋਂ ਕੀਤੀ ਗਈ ।

ਸੁਰੱਖਿਆ ਬਲਾਂ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਕਰਨ ਦੇ ਲਈ  12 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਦਹਿਸ਼ਤੀ ਜਥੇਬੰਦੀ ਦਾ ਪਤਾ ਲਾਉਣ ਲਈ ਸੁਰੱਖਿਆ ਬਲਾਂ ਵੱਲੋਂ ਵੱਖ ਵੱਖ ਪੱਧਰ ’ਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੁੱਢਲੀਆਂ ਰਿਪੋਰਟਾਂ ਮੁਤਾਬਕ ਕਰੀਬ ਪੰਜ ਦਹਿਸ਼ਤਗਰਦਾਂ ਵੱਲੋਂ ਟਰੱਕ ’ਤੇ ਤਿੰਨ ਪਾਸਿਆਂ ਤੋਂ ਹਮਲਾ ਕੀਤਾ ਗਿਆ ਸੀ। ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਪੀਪਲਜ਼ ਐਂਟੀ ਫਾਸਿਸਟ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਹਮਲੇ ’ਚ ਲਸ਼ਕਰ-ਏ-ਤੋਇਬਾ ਜਥੇਬੰਦੀ ਦਾ ਵੀ ਹੱਥ ਮੰਨਿਆ ਜਾ ਰਿਹਾ ਹੈ। ਕੌਮੀ ਜਾਂਚ ਏਜੰਸੀ ਦੀ ਟੀਮ ਨੇ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਵਾਲੀ ਥਾਂ ਦਾ ਦੌਰਾ ਕਰਕੇ ਨਿਸ਼ਾਨਾ ਬਣਾਏ ਗਏ ਵਾਹਨ ਦਾ ਨਿਰੀਖਣ ਕੀਤਾ।

ਪੁਲੀਸ ਤੇ ਫ਼ੌਜੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਦੀ ਸਮੀਖਿਆ ਕਰਦੇ ਹੋਏ  ਕਿਹਾ ਕਿ ਅੱਤਵਾਦੀਆਂ ਨੇ ਵਾਹਨ ’ਤੇ ਘਾਤ ਲਗਾ ਕੇ ਹਮਲਾ ਕੀਤਾ ਅਤੇ ਗਰਨੇਡ ਸੁੱਟਣ ਕਾਰਨ ਉਸ ਨੂੰ ਅੱਗ ਲੱਗ ਗਈ। ਸੈਨਾ ਨੂੰ ਵਾਹਨ ਅਤੇ ਇਕ ਜਵਾਨ ਦੇ ਸ਼ਰੀਰ ’ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁਣਛ ’ਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ਅਤੇ ਕੰਟਰੋਲ ਰੇਖਾ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਹਮਲੇ ਤੋਂ ਬਾਅਦ ਭਿੰਬਰ ਗਲੀ-ਪੁਣਛ ਸੜਕ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਮੇਂਧੜ ਰਾਹੀਂ ਪੁਣਛ ਜਾਣ ਲਈ ਆਖਿਆ ਜਾ ਰਿਹਾ ਹੈ। ਹਮਲੇ ਦੇ ਵਿਰੋਧ ’ਚ ਜੰਮੂ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਵੀ ਹੋਏ ਤੇ ਕਈ ਰਾਜਸੀ ਨੇਤਾਵਾਂ ਤੇ ਜਥੇਬੰਦੀਆਂ ਨੇ ਦਹਿਸ਼ਤੀ ਹਮਲੇ ਦਾ ਤਿੱਖਾ ਵਿਰੋਧ ਕੀਤਾ।