Punjab

ਤਰਨਤਾਰਨ ਮਾਮਲੇ ਤੋਂ ਬਾਅਦ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ , ਕਹੀਆਂ ਇਹ ਗੱਲਾਂ

After the Tarn Taran attack the opponents surrounded the Punjab government said these things!

ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਰਚੀ ਗਈ ਹੈ। ਤਰਨਤਾਰਨ ‘ਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਤਰਨਤਾਰਨ ਜ਼ਿਲ੍ਹੇ ਵਿਚ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਪੈਂਦੇ ਸਰਹਾਲੀ ਪੁਲਿਸ ਥਾਣੇ ਦੇ ਸਾਂਝ ਕੇਂਦਰ  ’ਤੇ ਰਾਤ 1.00 ਵਜੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀ਼ ਹੈ। ਹਾਲਾਂਕਿ ਹਮਲੇ ਕਾਰਨ ਥਾਣੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਤਰਨਤਾਰਨ ‘ਚ ਹੋਏ ਇਸ ਹਮਲੇ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਹਮਲੇ ਨੂੰ ਲੈ ਕੇ ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਤਰਨਤਾਰਨ ਦੇ ਥਾਣੇ ਤੇ ਅਟੈਕ ਪੰਜਾਬ ਦੇ ਅੰਦਰੂਨੀ ਹਾਲਤਾਂ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਸਰਕਾਰ ਸੁਹਿਰਦ ਨਹੀਂ ਅਤੇ ਨਾ ਹੀ ਸੁਹਿਰਦਤਾ ਵੱਲ ਕੋਈ ਕਦਮ ਚੁੱਕਣ ਦੀ ਗੱਲ ਹੋ ਰਹੀ ਹੈ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਮੁੱਖ-ਮੰਤਰੀ ਸਾਹਿਬ ਸਾਹਮਣੇ ਆਉਣ ਅਤੇ ਪੰਜਾਬ ਨੂੰ ਜਵਾਬ ਦੇਣ।

ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਗੰਭੀਰ ਮੁੱਦਾ ਹੈ। ਵੜਿੰਗ ਨੇ ਕਿਹਾ ਕਿ ਸ਼ਾਂਤੀ ਦੇ ਦੁਸ਼ਮਣ ਥਾਣਿਆਂ ‘ਤੇ ਹਮਲਾ ਕਰਨ ਦੀ ਹਿੰਮਤ ਰੱਖਦੇ ਹਨ। ਇਹ ਪੰਜਾਬ ਲਈ ਚੰਗੀ ਖ਼ਬਰ ਨਹੀਂ ਹੈ।  ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਇਸਦੇ ਵਿਰੁੱਧ ਲੜਨਾ ਪਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਅਜਿਹੀਆਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ।

 

ਤਰਨਤਾਰਨ ਵਿੱਚ ਹੋਏ ਆਰਪੀਜੀ ਹਮਲੇ ਤੋਂਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ।ਉਹਨਾਂ ਟਵੀਟ ਕਰਦਿਆਂ ਲਿਖਿਆ ਹੈ ਪੰਜਾਬ ‘ਚ 6 ਮਹੀਨਿਆਂ ‘ਚ ਇਹ ਦੂਜੀ ਵਾਰ ਪੁਲਸ ਦੀ ਇਮਾਰਤ ‘ਤੇ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਹੈ। ਇਹ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਅੱਤਵਾਦ ਨੂੰ ਮੁੜ ਸਿਰ ਚੁੱਕਣ ਤੋਂ ਰੋਕਣ ਵਿੱਚ ‘ਆਪ’ ਸਰਕਾਰ ਦੀ ਨਾਕਾਮਯਾਬੀ ਦਾ ਸਿੱਧਾ ਨਤੀਜਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਠੋਸ ਉਪਾਅ ਕਰਨੇ ਚਾਹੀਦੇ ਹਨ।

ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ‘ਤੇ ਚਿੰਤਾ ਦਰਸਾਈ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਇੰਨੀ ਤੇਜ਼ੀ ਨਾਲ ਵਿਗੜ ਰਹੀ ਹੈ ਕਿ ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੋਲਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਹੇਗਾ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਅਪਰਾਧ ਦਰ ਯੂਪੀ ਨਾਲੋਂ ਵੀ ਮਾੜੀ ਹੋ ਜਾਵੇਗੀ ਅਤੇ ਸਾਡੇ ਨਾਲ ਤੁਲਨਾ ਕਰਨ ਲਈ ਕੋਈ ਰਾਜ ਨਹੀਂ ਬਚੇਗਾ।

ਸ਼੍ਰੋਮਣੀ ਅਕਾਲੀ ਦਲ ਲੀਡਰ ਦਲਜੀਤ ਚੀਮਾ ਨੇ ਤਰਨਤਾਰਨ ਥਾਣੇ ‘ਤੇ ਹੋਏ ਹਮਲੇ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਖਰਾਬ ਹੋ ਗਈ ਹੈ। ਇਸ ਤਰਾਂ ਦਾ ਹਮਲਾ ਪਹਿਲਾਂ ਮੁਹਾਲੀ ਵਿੱਚ ਵੀ ਹੋਇਆ ਸੀ ਤੇ ਹੁਣ ਥਾਣੇ ਤੇ ਇਸ ਤਰਾਂ ਦੇ ਹਮਲਿਆਂ ਨਾਲ ਇੱਕ ਤਰਾਂ ਨਾਲ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਗਈ ਹੈ।
ਉਹਨਾਂ ਇੱਕ ਹੋਰ ਖੁਲਾਸਾ ਕੀਤਾ ਹੈ ਤੇ ਕਿਹਾ ਹੈ ਕਿ ਲੁਧਿਆਣੇ ਵਰਗੇ ਸਨਅਤੀ ਸ਼ਹਿਰ ਵਿੱਚ ਬਹੁਤ ਸਾਰੇ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਖੁੱਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਨਕੋਦਰ ਵਿੱਚ ਵਪਾਰੀ ਦਾ ਕਤਲ ਤੇ ਉਸ ਦੇ ਸੁਰੱਖਿਆ ਕਰਮੀ ਦੀ ਹੱਤਿਆ ਤੋਂ ਬਾਅਦ ਮਾਹੌਲ ਕਾਫੀ ਖਰਾਬ ਹੋ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫੇ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਉਪਰੋਥਲੀ ਕਈ ਘਟਨਾਵਾਂ ਵਾਪਰ ਗਈਆਂ ਹਨ ਤੇ ਹੁਣ ਮੁੱਖ ਮੰਤਰੀ ਪੰਜਾਬ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਸੰਭਾਲਣੇ ਉਹਨਾਂ ਦੇ ਬਸ ਦੀ ਗੱਲ ਨਹੀਂ ਹੈ,ਇਸ ਲਈ ਬਹਾਨੇਬਾਜੀ ਛੱਡਦੇ ਹੋਏ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ ਅਤੇ ਸੂਬੇ ਵਿੱਤ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ । ਇਸਦੇ ਨਾਲ ਹੀ ਸਰਕਾਰੀ ਇਮਾਰਤਾਂ ਸਣੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।