‘ਦ ਖ਼ਾਲਸ ਬਿਊਰੋ : ਸਾਲ 2022 ਦੀ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ’ਤੇ ਹਮ ਲਾ ਕੀਤਾ ਗਿਆ ਸੀ, ਜੋ ਹਾਲੇ ਤੱਕ ਵੀ ਜਾਰੀ ਹੈ। ਇਸ ਜੰਗ ਕਾਰਨ ਕਈ ਪਰਿਵਾਰਾਂ ਦੇ ਪਰਿਵਾਰ ਹੀ ਉੱਜੜ ਗਏ, ਜਾਨੋਂ ਮਾਰੇ ਗਏ। ਅਜਿਹੇ ਵਿੱਚ ਇੱਕ ਰਿਪੋਰਟ ਨੇ ਸਭ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕਾ ਦਿੱਤੀ ਹੈ। ਯੂਨਾਈਟੇਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਫਿਊਜੀਜ਼ ਫਿਲੀਪੋ ਗ੍ਰੈਂਡੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਜੰਗ ਕਰਕੇ ਹੁਣ ਤੱਕ 1 ਕਰੋੜ 40 ਲੱਖ ਯੂਕਰੇਨ ਵਾਸੀ ਉੱਜੜ ਚੁੱਕੇ ਹਨ।
ਉਹਨਾਂ ਸੁਰੱਖਿਆ ਕੌਂਸਲ ਨੂੰ ਦੱਸਿਆ ਕਿ ਰੂਸ ਵੱਲੋਂ ਤੇਜ਼ ਰਫਤਾਰ ਨਾਲ ਯੂਕਰੇਨ ’ਤੇ ਹਮਲਾ ਕੀਤਾ ਗਿਆ। 1 ਕਰੋੜ 40 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਹੁਣ ਯੂਕਰੇਨ ਵਾਸੀਆਂ ਲਈ ਅਗਲੀ ਮੁਸ਼ਕਿਲ ਇਹ ਹੈ ਕਿ ਹਾਲਾਤ ਵੀ ਮਾੜੇ ਹਨ ਤਾਂ ਅੱਗੋਂ ਸਰਦੀ ਵੀ ਬਹੁਤ ਜ਼ਿਆਦਾ ਪਵੇਗੀ।
ਰੂਸ-ਯੂਕਰੇਨ ਜੰਗ ਨੂੰ ਲੈ ਕੇ ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੰਗ ਵਿੱਚ 60,000 ਤੋਂ ਵੱਧ ਰੂਸੀ ਫ਼ੌਜੀ ਮਾਰੇ ਜਾ ਚੁੱਕੇ ਹਨ। ਦੋ ਹਜ਼ਾਰ 300 ਤੋਂ ਵੱਧ ਟੈਂਕ ਤਬਾਹ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਸਿਰਫ਼ 24 ਘੰਟਿਆਂ ਵਿੱਚ 500 ਰੂਸੀ ਫ਼ੌਜੀਆਂ ਨੇ ਆਪਣੀ ਜਾਨ ਗਵਾਈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ‘ਦ ਖ਼ਾਲਸ ਟੀਵੀ ਪੁਸ਼ਟੀ ਨਹੀਂ ਕਰਦਾ ਹੈ।
ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਇਸਨੂੰ “ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪੀਅਨ ਖੇਤਰ ‘ਤੇ ਜ਼ਬਰਦਸਤੀ ਕਬਜ਼ੇ ਦੀ ਸਭ ਤੋਂ ਵੱਡੀ ਕੋਸ਼ਿਸ਼” ਕਿਹਾ। ਉਸਨੇ ਕਿਹਾ ਕਿ ਯੂਕਰੇਨ ਵਿੱਚ ਯੁੱਧ “ਇੱਕ ਮੋੜ” ‘ਤੇ ਹੈ ਅਤੇ ਪੁਤਿਨ ਦੁਆਰਾ ਯੂਕਰੇਨ ਦੀਆਂ ਜ਼ਮੀਨਾਂ ਦਾ ਕਬਜ਼ਾ ਕਰਨਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੀ “ਸਭ ਤੋਂ ਗੰਭੀਰ ਸਥਿਤੀ” ਹੈ। ਕ੍ਰੇਮਲਿਨ ਦੁਆਰਾ ਗ੍ਰੈਂਡ ਸੇਂਟ ਜਾਰਜ ਹਾਲ ਵਿੱਚ ਯੂਕਰੇਨ ਦੇ ਕਬਜ਼ੇ ਵਾਲੇ ਹਿੱਸਿਆਂ ਨੂੰ ਸ਼ਾਮਲ ਕਰਨ ਦਾ ਐਲਾਨ ਕਰਨ ਲਈ ਆਯੋਜਿਤ ਇੱਕ ਸਮਾਰੋਹ ਵਿੱਚ, ਪੁਤਿਨ ਨੇ ਪੱਛਮ ਉੱਤੇ ਦੁਸ਼ਮਣੀ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ। ਉਸਦੇ ਅਨੁਸਾਰ, ਪੱਛਮੀ ਦੇਸ਼ਾਂ ਦੀ ਰੂਸ ਨੂੰ “ਬਸਤੀ” ਅਤੇ “ਗੁਲਾਮਾਂ ਦੀ ਭੀੜ” ਵਿੱਚ ਬਦਲਣ ਦੀ ਯੋਜਨਾ ਹੈ।
ਪੁਤਿਨ ਦੇ ਸਖ਼ਤ ਰੁਖ਼ ਕਾਰਨ ਤਣਾਅ ਹੋਰ ਵਧ ਗਿਆ ਹੈ। ਸ਼ੀਤ ਯੁੱਧ ਤੋਂ ਬਾਅਦ ਇਸ ਪੱਧਰ ‘ਤੇ ਤਣਾਅ ਨਹੀਂ ਦੇਖਿਆ ਗਿਆ ਸੀ। ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂਰਪੀਅਨ ਯੂਨੀਅਨ, ਪੁਤਿਨ ਦੇ ਤਾਜ਼ਾ ਕਦਮ ਦੀ ਤੁਰੰਤ ਪ੍ਰਤੀਕ੍ਰਿਆ ਵਿੱਚ, ਇੱਕ ਸੰਯੁਕਤ ਬਿਆਨ ਜਾਰੀ ਕਰਕੇ ਚਾਰ ਖੇਤਰਾਂ – ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰੀਝਜ਼ਿਆ ਦੇ “ਗੈਰ-ਕਾਨੂੰਨੀ ਕਬਜ਼ੇ” ਦੀ ਨਿੰਦਾ ਕੀਤੀ।
ਭਾਰਤ ਨੇ ਤਾਂ ਯੂਕਰੇਨ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਜਲਦ ਭਾਰਤ ਵਾਪਸ ਆਉਣ ਲਈ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਸੀ। ਇਸਦੇ ਨਾਲ ਹੀ ਯੂਕਰੇਨ ਵਿੱਚ ਗੈਰ ਜ਼ਰੂਰੀ ਯਾਤਰਾ ਕਰਨ ਤੋਂ ਵੀ ਸਖ਼ਤ ਮਨ੍ਹਾ ਕੀਤਾ ਸੀ।