ਹਿਮਾਚਲ ਪ੍ਰਦੇਸ਼ ‘ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ‘ਤੇ ਉੱਥੋਂ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਹਮਲਿਆਂ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਹਿਮਾਚਲ ਪ੍ਰਦੇਸ਼ ’ਚ ਘੁੰਮਣ ਗਏ ਪੰਜਾਬੀਆਂ ’ਤੇ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ।
ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਹਿਮਾਚਲ ਘੁੰਮਣ ਗਏ ਹੋਏ ਸਨ। ਰਾਤ ਵੇਲੇ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰ ਕੇ ਉਹ ਸੜਕ ’ਤੇ ਹੀ ਰੁਕੇ ਸਨ। ਤੜਕੇ ਕਰੀਬ ਤਿੰਨ ਵਜੇ 15 ਦੇ ਕਰੀਬ ਵਿਅਕਤੀਆਂ, ਜਿਨ੍ਹਾਂ ’ਚ ਤਿੰਨ ਔਰਤਾਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਹਮਲੇ ਕਾਰਨ ਉਸ ਦੀ ਬਾਂਹ 2 ਥਾਵਾਂ ਤੋਂ ਟੁੱਟ ਗਈ ਤੇ ਉਸ ਦੇ ਸਾਥੀਆਂ ’ਚੋਂ ਇਕ ਦੇ ਸਿਰ ’ਚ ਤੇ ਦੂਜੇ ਦੇ ਮੋਢੇ ’ਤੇ ਦਾਤ ਮਾਰ ਕੇ ਜ਼ਖ਼ਮੀ ਕਰ ਦਿੱਤਾ। ਗੱਡੀ ’ਚ ਰੱਖੇ 20 ਹਜ਼ਾਰ ਰੁਪਏ ਵੀ ਗ਼ਾਇਬ ਸਨ।
ਲੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਖੱਡ ’ਚ ਛਾਲਾਂ ਮਾਰ ਕੇ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਸੱਦੀ। ਉਨ੍ਹਾਂ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲਿਆਂ ਦਾ ਅੱਜ ਇਹ ਸਾਡੇ ਕੋਲ ਚੌਥਾ ਕੇਸ ਆਇਆ ਹੈ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਮੁਲਾਜ਼ਮਾਂ ਨੇ ਵੀ ਸਾਨੂੰ ਡਰਾ-ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖ਼ਤ ਤੇ ਸਾਡੇ ਕੋਲੋਂ ਦਸਤਖ਼ਤ ਕਰਵਾ ਕੇ ਕੇਸ ਰਫ਼ਾ-ਦਫ਼ਾ ਕਰਨ ਦਾ ਆਖ ਸਾਡੇ ਕੋਲੋਂ ਪੈਸੈ ਵੀ ਲੈ ਲਏ।
ਇਸ ਮਗਰੋਂ ਅਸੀ 8500 ਰੁਪਏ ਖ਼ਰਚ ਕਰ ਕੇ ਗੱਡੀ ਟੋਅ ਕਰ ਕੇ ਘਰ ਪੁੱਜੇ। ਲੱਖੂ ਨੇ ਪੰਜਾਬ ਸਰਕਾਰ ਤੋਂ ਬਣਦੀ ਕਾਰਵਾਈ ਕਰਨ ਅਤੇ ਸੈਰ ਲਈ ਨਿਕਲੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।