ਇਜ਼ਰਾਈਲ ‘ਚ ਸਰਕਾਰ ਵਲੋਂ ਨਿਆਂਪਾਲਿਕਾ ‘ਚ ਲਿਆਂਦੇ ਜਾ ਰਹੇ ਸੁਧਾਰਾਂ ਖਿਲਾਫ ਰਾਜਧਾਨੀ ਤੇਲ ਅਵੀਵ ‘ਚ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਸੁਧਾਰਾਂ ਤੋਂ ਬਾਅਦ ਸਰਕਾਰ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪਲਟਣਾ ਆਸਾਨ ਹੋ ਜਾਵੇਗਾ।
ਇਸ ਤੋਂ ਇਲਾਵਾ ਜੱਜਾਂ ਦੀ ਨਿਯੁਕਤੀ ਵਿਚ ਸਿਆਸਤਦਾਨਾਂ ਦਾ ਪ੍ਰਭਾਵ ਵਧੇਗਾ ਕਿਉਂਕਿ ਚੋਣ ਕਮੇਟੀ ਵਿਚ ਜ਼ਿਆਦਾਤਰ ਲੋਕ ਸੱਤਾਧਾਰੀ ਪਾਰਟੀ ਦੇ ਹੋਣਗੇ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਲਿਆਂਦੇ ਗਏ ਇਨ੍ਹਾਂ ਬਦਲਾਅ ਨੂੰ ਲੋਕਤੰਤਰ ਦੇ ਖਿਲਾਫ ਦੱਸ ਰਹੇ ਹਨ।
ਸਥਾਨਕ ਮੀਡੀਆ ਦੇ ਅਨੁਸਾਰ, ਯੇਰੂਸ਼ਲਮ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਅਤੇ ਉੱਤਰੀ ਸ਼ਹਿਰ ਹਾਫੀਆ ਵਿੱਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਤੇਲ ਅਵੀਵ ਵਿੱਚ ਇੱਕ ਪ੍ਰਮੁੱਖ ਸੜਕ ਨੂੰ ਰੋਕਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ।
ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਅਗਵਾਈ ‘ਚ ਬਣੀ ਗਠਜੋੜ ਸਰਕਾਰ ਦਾ ਵੀ ਵਿਰੋਧ ਕਰ ਰਹੇ ਸਨ। ਇਸ ਗਠਜੋੜ ਵਿੱਚ ਸੱਜੇ ਪੱਖੀ ਪਾਰਟੀਆਂ ਵੀ ਸ਼ਾਮਲ ਹਨ। ਦਸੰਬਰ ‘ਚ ਗਠਜੋੜ ਸਰਕਾਰ ਬਣਨ ਤੋਂ ਬਾਅਦ ਇਹ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਖਤਮ ਕਰਨਗੇ, ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣਗੇ, ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨਗੇ ਅਤੇ ਇਜ਼ਰਾਈਲ ਦੀ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣਗੇ ।
ਇਸ ਤੋਂ ਕੁਝ ਦਿਨ ਪਹਿਲਾਂ ਵੀ ਇਜ਼ਰਾਈਲ ‘ਚ ਹਜ਼ਾਰਾਂ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਵੀਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਨਿਊਜ਼ ਏਜੰਸੀ ਏਐਫਪੀ ਮੁਤਾਬਿਕ ਨਵੀਂ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਸੱਜੇ ਪੱਖੀ ਸਰਕਾਰ ਕਿਹਾ ਜਾ ਰਿਹਾ ਸੀ।
ਇਜ਼ਰਾਈਲ ‘ਚ ਪ੍ਰਧਾਨ ਮੰਤਰੀ ਨੇਤਨਯਾਹੂ ਖਿਲਾਫ ਸੜਕਾਂ ‘ਤੇ ਕਿਉਂ ਉਤਰੇ ਹਜ਼ਾਰਾਂ ਲੋਕ ?
ਰਾਜਧਾਨੀ ਤੇਲ ਅਵੀਵ ਵਿੱਚ ਪ੍ਰਦਰਸ਼ਨਕਾਰੀਆਂ ਨੇ “ਲੋਕਤੰਤਰ ਖਤਰੇ ਵਿੱਚ ਹੈ” ਅਤੇ “ਫਾਸ਼ੀਵਾਦ ਅਤੇ ਰੰਗਭੇਦ ਵਿਰੁੱਧ ਏਕਤਾ” ਦੇ ਨਾਅਰੇ ਲਾਏ। ਕੁਝ ਲੋਕਾਂ ਨੇ ਇਜ਼ਰਾਈਲ ਦਾ ਝੰਡਾ ਅਤੇ ਸਤਰੰਗੀ ਝੰਡਾ ਚੁੱਕਿਆ ਹੋਇਆ ਸੀ ਜੋ ਸਮਲਿੰਗਤਾ ਦੀ ਪਛਾਣ ਬਣ ਗਿਆ ਸੀ। ਕਈਆਂ ਦੇ ਹੱਥਾਂ ਵਿੱਚ ‘Crime Minister ’ ਲਿਖੇ ਬੈਨਰ ਸਨ। ਪਿਛਲੇ ਕੁਝ ਸਾਲਾਂ ‘ਚ ਨੇਤਨਯਾਹੂ ਦੇ ਖਿਲਾਫ ਪ੍ਰਦਰਸ਼ਨਾਂ ‘ਚ ਇਸ ਨਾਅਰੇ ਦੀ ਵਰਤੋਂ ਕੀਤੀ ਗਈ ਸੀ।