‘ਦ ਖ਼ਾਲਸ ਬਿਊਰੋ : ਸਾਰੇ ਉੱਤਰੀ ਭਾਰਤ ਵਿੱਚ ਬੀਤੇ ਕੁੱਝ ਦਿਨਾਂ ਤੋਂ ਪੈ ਰਹੀ ਜੋਰਾਂ ਦੀ ਠੰਡ ਤੋਂ ਅੱਜ ਉਸ ਸਮੇਂ ਕੁਛ ਰਾਹਤ ਮਿਲੀ ਜਦੋਂ ਕਈ ਦਿਨੀਂ ਮਗਰੋਂ ਸੂਰਜ ਦੇਵਤਾ ਨੇ ਦਰਸ਼ਨ ਦਿਤੇ। ਭਾਵੇਂ ਅੱਜ ਸਵੇਰੇ ਹੱਲਕੀ ਬੱਦਲਵਾਈ ਸੀ ਪਰ ਬਾਅਦ ਵਿੱਚ ਸਵੇਰੇ ਨਿਕਲੀ ਹਲਕੀ ਤੇ ਕੋਸੀ ਧੁੱਪ ਨੇ ਲੋਕਾਂ ਨੂੰ ਹੱਡ-ਚੀਰਵੀਂ ਠੰਡ ਤੋਂ ਕੁਝ ਰਾਹਤ ਦਿੱਤੀ ਹੈ। ਵੈਸਟਰਨ ਡਿਸਟਰਬੈਂਸ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਜਨਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਹੋਈ ਬੱਦਲਵਾਈ ਤੇ ਵਿੱਚ-ਵਿੱਚਾਲੇ ਪਏ ਮੀਹਾਂ ਨਾਲ ਮੌਸਮ ਕਾਫ਼ੀ ਠੰਡਾ ਹੋ ਗਿਆ ਸੀ ਤੇ ਸ਼ੀਤ ਲਹਿਰ ਦੇ ਜਾਰੀ ਰਹਿਣ ਨਾਲ ਪਾਰਾ ਕਾਫ਼ੀ ਹੇਠਾਂ ਆ ਗਿਆ ਸੀ।
ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ 21 ਜਨਵਰੀ ਤੋਂ ਪੱਛਮੀ ਗੜਬੜੀ ਮੁੜ ਤੋਂ ਸਰਗਰਮ ਹੋ ਰਹੀ ਹੈ, ਜਿਸ ਤੋਂ ਬਾਅਦ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਹਲਕੀ ਤੋਂ ਮੱਧਮ ਬਰਫ਼ਬਾਰੀ ਤੇ ਬਰਸਾਤ ਹੋ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨਾਂ ਤੱਕ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਕਿ ਸ਼ੁੱਕਰਵਾਰ,ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਜਿਸ ਨਾਲ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ ਬੁੱਧਵਾਰ ਤੱਕ ਇਸੇ ਤਰ੍ਹਾਂ ਬੱਦਲਵਾਈ ਬਣੀ ਰਹੇਗੀ, ਪਰ 27 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ਼ ਹੋਣ ਅਤੇ ਚੰਗੀ ਧੁੱਪ ਨਿਕਲਣ ਦੇ ਆਸਾਰ ਹਨ।