Punjab

ਪੰਜਾਬ ਸਰਕਾਰ ਦੇ ਐਲਾਨ ਦੀਆਂ ਉੱਡੀਆਂ ਧੱਜੀਆਂ,ਪਹਿਲਾਂ ਵਾਂਗ Chandigarh ਦਾਖਲ ਹੋ ਰਹੀਆਂ ਹਨ private ਬੱਸਾਂ

ਚੰਡੀਗੜ੍ਹ : ਪੰਜਾਬ ਸਰਕਾਰ ਨੇ 15 ਦਿਨ ਪਹਿਲਾਂ ਆਪਣੀ ਪੰਜਾਬ ਟਰਾਂਸਪੋਰਟ ਸਕੀਮ ਵਿੱਚ ਸੋਧ ਕੀਤੀ ਸੀ ਤੇ ਸੂਬੇ ਦੀ ਰਾਜਧਾਨੀ ਵਿੱਚ ਨਿੱਜੀ ਕੰਪਨੀ ਦੀਆਂ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਾ ਕੇ ਅੰਤਰਰਾਜੀ ਰੂਟਾਂ ’ਤੇ ਨਿੱਜੀ ਬੱਸ ਕੰਪਨੀਆਂ ਦੇ ਏਕਾਧਿਕਾਰ ਨੂੰ ਖਤਮ ਕਰ ਦਿੱਤਾ ਸੀ । ਪੰਜਾਬ ਸਰਕਾਰ ਦੇ ਇਸ ਕਦਮ ਦਾ ਐਲਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪ ਕੀਤਾ ਸੀ ਤੇ ਇਸ ਫ਼ੈਸਲੇ ਨੂੰ ਬਾਦਲ ਪਰਿਵਾਰ ਦੀਆਂ ਬੱਸਾਂ ਨਾਲ ਜੋੜ ਕੇ ਵੀ ਦੇਖਿਆ ਗਿਆ ਸੀ ਪਰ ਅਸਲ ਵਿੱਚ ਹਾਲਾਤ ਉਲਟ ਹਨ। ਭਾਵੇਂ ਇਸ ਸਰਕਾਰੀ ਐਲਾਨ ਨੂੰ ਦੋ ਹਫਤੇ ਹੋ ਗਏ ਹਨ ਪਰ ਚੰਡੀਗੜ੍ਹ ਵਾਲੇ ਰੂਟਾਂ ’ਤੇ ਨਿੱਜੀ ਬੱਸ ਅਪਰੇਟਰਾਂ ਦੀਆਂ ਬੱਸਾਂ ਪਹਿਲਾਂ ਵਾਂਗ ਹੀ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਵਿੱਚ ਦਾਖ਼ਲ ਹੋ ਰਹੀਆਂ ਹਨ।

ਇਨਾਂ ਹੀ ਨਹੀਂ,ਨਿੱਜੀ ਬੱਸ ਕੰਪਨੀਆਂ ਦੀਆਂ ਬੱਸਾਂ, ਚੰਡੀਗੜ੍ਹ ਤੋਂ ਪਠਾਨਕੋਟ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਵਰਗੇ ਵੱਡੇ ਰੂਟਾਂ ’ਤੇ ਬਿਨਾਂ ਕਿਸੇ ਰੋਕ-ਟੋਕ ਦੇ ਆ ਜਾ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ’ਤੇ ਲੱਗੀ ਬੱਸਾਂ ਦੀ ਸਮਾਂ ਸੂਚੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 13 ਦਸੰਬਰ ਨੂੰ ‘ਪੰਜਾਬ ਟਰਾਂਸਪੋਰਟ ਸਕੀਮ-2018’ ਵਿੱਚ ਸੋਧ ਦਾ ਐਲਾਨ ਕੀਤਾ ਸੀ,ਜਿਸ ਤਹਿਤ  100 ਫ਼ੀਸਦੀ ਹਿੱਸੇਦਾਰੀ ਨਾਲ ਸਿਰਫ਼ ਸੂਬਾ ਸਰਕਾਰ ਦੀਆਂ ਬੱਸਾਂ ਹੀ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਗੱਲ ਕਹੀ ਗਈ ਸੀ ।

ਉਨ੍ਹਾਂ ਐਲਾਨ ਕੀਤਾ ਸੀ ਕਿ ਅੰਤਰ-ਰਾਜੀ ਰੂਟਾਂ ’ਤੇ 39 ਜਾਂ ਇਸ ਤੋਂ ਵੱਧ ਸਵਾਰੀਆਂ ਦੀ ਸਮਰੱਥਾ ਵਾਲੀਆਂ ਏਅਰ-ਕੰਡੀਸ਼ਨਡ ਬੱਸਾਂ ਸਿਰਫ਼ ਸਟੇਟ ਟਰਾਂਸਪੋਰਟ ਅੰਡਰਟੇਕਿੰਗਜ਼ ਵੱਲੋਂ ਹੀ ਚਲਾਈਆਂ ਜਾਣਗੀਆਂ। ਉਸ ਸਮੇਂ ਟਰਾਂਸਪੋਰਟ ਮੰਤਰੀ ਨੇ ਬਾਦਲ ਪਰਿਵਾਰ ‘ਤੇ ਵਰਦਿਆਂ ਮਨਮਰਜ਼ੀ ਦੀਆਂ ਸਕੀਮਾਂ ਬਣਾਉਣ ਦਾ ਦੋਸ਼ ਲਗਾਇਆ ਸੀ।
ਦੇਖਿਆ ਜਾਵੇ ਤਾਂ ਆਰਬਿਟ, ਲਿਬੜਾ, ਤਾਜ, ਜੁਝਾਰ, ਕਰਤਾਰ ਅਤੇ ਹੋਰ ਕਈ ਕੰਪਨੀਆਂ ਕੋਲ ਚੰਡੀਗੜ੍ਹ ਦਾਖਲ ਹੋਣ ਲਈ ਪਰਮਿਟ ਦਿੱਤੇ ਗਏ ਸਨ ਤੇ ਹੁਣ ਵੀ ਇਹਨਾਂ ਬੱਸਾਂ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ।