India

ਸੋਨਾਲੀ ਦੀ ਮੌਤ ਤੋਂ ਪਹਿਲਾਂ ਅਖੀਰਲੇ VIDEO ਨੇ ਖੋਲ੍ਹਿਆ ਮੌਤ ਦਾ ਰਾਜ਼, 2 ਮੁਲਜ਼ਮਾਂ ਨੇ ਕਬੂਲਿਆ ਜੁਰਮ !

ਬਿਊਰੋ ਰਿਪੋਰਟ : ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ ਹੋ ਗਿਆ ਹੈ ਪਰ ਉਸ ਦੀ ਮੌਤ ਨਾਲ ਜੁੜੇ ਰਾਜ਼ ਤੋਂ ਲਗਾਤਾਰ ਪਰਦਾ ਉੱਠ ਰਿਹਾ ਹੈ। ਮੌਤ ਤੋਂ ਪਹਿਲਾਂ ਸੋਨਾਲੀ ਦਾ ਇੱਕ CCTV ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ PA ਸੁਧੀਰ ਸਾਂਗਵਾਨ ਅਤੇ ਸੁਖਜਿੰਦਰ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਸੋਨਾਲੀ ਨਸ਼ੇ ਵਿੱਚ ਨਜ਼ਰ ਆ ਰਹੀ ਹੈ ਅਤੇ ਦੋਵੇਂ ਉਸ ਨੂੰ ਫੜ ਕੇ ਲੈ ਕੇ ਜਾ ਰਹੇ ਹਨ। ਸੁਧੀਰ ਅਤੇ ਸੁਖਜਿੰਦਰ ਨੇ ਪੁਲਿਸ ਦੇ ਸਾਹਮਣੇ ਇਹ ਗੱਲ ਕਬੂਲ ਕੀਤੀ ਹੈ ਕਿ ਸੋਨਾਲੀ ਨੂੰ ਉਨ੍ਹਾਂ ਨੇ ਜਬਰਨ ਡਰੱਗ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

CCTV ਫੁਟੇਜ ਨੇ ਖੋਲ੍ਹਿਆ ਰਾਜ਼

ਗੋਆ ਦੇ ਡੀਜੀਪੀ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਕਲੱਬ ਦੀ CCTV ਮਿਲੀ ਹੈ। ਇਸ ਵਿੱਚ ਪੀਏ ਸੁਧੀਰ ਸਾਂਗਵਾਨ ਬੋਤਲ ਵਿੱਚ ਸੋਨਾਲੀ ਨੂੰ ਕੁਝ ਮਿਲਾ ਕੇ ਦੇ ਰਿਹਾ ਹੈ। ਹੋ ਸਕਦਾ ਹੈ ਕਿ ਬੋਤਲ ਵਿੱਚ ਲਿਕਵਡ ਕੈਮੀਕਲ ਹੋਵੇ। IG ਓਮਵੀਰ ਸਿੰਘ ਮੁਤਾਬਿਕ ਸੁਧੀਰ ਅਤੇ ਸੁਖਜਿੰਦਰ ਕਲੱਬ ਵਿੱਚ ਪਾਰਟੀ ਕਰ ਰਹੇ ਸਨ। ਇਸੇ ਦੌਰਾਨ ਹੀ ਦੋਵਾਂ ਨੇ ਸੋਨਾਲੀ ਨੂੰ ਡਰੱਗ ਦਿੱਤੀ। ਪੁਲਿਸ ਨੇ ਕਿਹਾ ਕਿ ਇਹ ਸਿਨਥੈਟਿਕ ਡਰੱਗ ਹੋ ਸਕਦੀ ਹੈ, ਜਿਸ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਡਰੱਗ ਪੀਣ ਤੋਂ ਬਾਅਦ ਸੋਨਾਲੀ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਸੁਖਜਿੰਦਰ ਨੇ ਉਸ ਨੂੰ ਫੜਿਆ ਹੋਇਆ ਸੀ। ਇਸ ਤੋਂ ਬਾਅਦ ਇੱਕ ਹੋਰ ਕੈਮਰੇ ਵਿੱਚ ਦੋਵੇਂ ਸੋਨਾਲੀ ਨੂੰ ਵਾਸ਼ਰੂਮ ਵਿੱਚ ਲੈ ਕੇ ਜਾ ਰਹੇ ਸਨ। ਅਗਲੇ 2 ਘੰਟੇ ਤੱਕ ਤਿੰਨੋਂ ਉੱਥੇ ਹੀ ਰਹੇ। IG ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਪੈਸ਼ਲ ਟੀਮ ਦਾ ਗਠਨ

ਸੋਨਾਲੀ ਦੇ ਪਰਿਵਾਰ ਨੇ ਦੱਸਿਆ ਹੈ ਕਿ ਗੋਆ ਦੇ DSP ਦਾ ਫੋਨ ਆਇਆ ਸੀ। ਡੀਐੱਸਪੀ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਸਪੈਸ਼ਲ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਸੋਨਾਲੀ ਦੇ ਭਰਾ ਵਤਨ ਡਾਕਾ ਨੇ ਕਿਹਾ ਕਿ ਪੂਰਾ ਪਰਿਵਾਰ ਪਹਿਲੇ ਦਿਨ ਤੋਂ ਹੀ ਸੁਧੀਰ ਅਤੇ ਸੁਖਜਿੰਦਰ ‘ਤੇ ਡਰੱਗ ਦੇ ਕੇ ਮਾਰਨ ਦਾ ਇਲਜ਼ਾਮ ਲਾ ਰਿਹਾ ਹੈ। ਹੁਣ ਪੁਲਿਸ ਦੀ ਜਾਂਚ ਵਿੱਚ ਵੀ ਇਹੀ ਸਾਹਮਣੇ ਆ ਰਿਹਾ ਹੈ।