Punjab

ਚਾਰਜਸ਼ੀਟ ਦੇ 1850 ਪੰਨਿਆਂ ‘ਤੇ ਮੂਸੇਵਾਲੇ ਦੇ ਕਤਲ ਦੀ ਦਰਦ ਕਹਾਣੀ, 24 ਮੁਲਜ਼ਮਾਂ ਨੂੰ ਕੀਤਾ ਗਿਆ ਹੈ ਨਾਮਜ਼ਦ

ਚਾਰਜਸ਼ੀਟ ਦਾਖਲ ਕਰਨ ਤੋਂ ਬਾਅਦ Mansa ਪੁਲਿਸ ਦੀ Press Confrence 

ਮਾਨਸਾ: ਸਿੱਧੂ ਮੂਸੇ ਵਾਲਾ (Sidhu Musse Wala) ਕਤਲ ਕਾਂਡ ਵਿੱਚ ਪੰਜਾਬ ਪੁਲਿਸ ਨੇ ਮਾਨਸਾ ਅਦਾਲਤ(Mansa Court) ਵਿੱਚ ਚਾਰਜਸ਼ੀਟ (chargesheet) ਦਾਖਲ ਕਰ ਦਿੱਤੀ ਗਈ ਹੈ।ਇਸ ਵਿੱਚ 24 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ,ਜਿਸ ਵਿੱਚ ਵਿਦੇਸ਼ ਬੈਠੇ 4 ਗੈਂਗਸਟਰਾਂ(Gangsters) ਦਾ ਨਾਂ ਵੀ ਸ਼ਾਮਲ ਹਨ।ਚਾਰਜ ਸ਼ੀਟ ਦਾਖਲ ਕਰਨ ਤੋਂ  ਬਾਅਦ ਪੰਜਾਬ ਪੁਲਿਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ।

1850 ਪੰਨਿਆਂ ਦੀ ਪਹਿਲੀ ਚਾਰਜਸ਼ੀਟ ਦਾਖਲ,122 ਗਵਾਹ

SSP ਮਾਨਸਾ ਗੋਰਵ ਤੂਰਾ ਨੇ ਇਸ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਕੁੱਲ 20 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 24 ਦੇ ਖਿਲਾਫ 1850 ਪੰਨਿਆਂ ਦੀ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।ਇਸ ਵਿੱਚ ਕੁੱਲ 122 ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਜਾਂਚ ਦੌਰਾਨ ਇਹ ਗਿਣਤੀ ਵੱਧਣ ਦੀ ਸੰਭਾਵਨਾ ਹੈ।ਇਸ ਪੂਰੇ ਮਾਮਲੇ ਵਿੱਚ ਹੁਣ ਤੱਕ 7 ਹਥਿਆਰ, 7 ਫੋਨ ਤੇ 4 ਵਹੀਕਲ ਬਰਾਮਦ ਹੋਏ ਹਨ। ਕਤਲ ਦਾ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਨੂੰ ਦੱਸਿਆ ਗਿਆ ਹੈ।ਜਦਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ,ਲਿਪਿਨ ਨੇਹਰਾ, ਸਚਿਨ ਥਾਪਨ ਅਤੇ ਅਨਮੋਲ ਦਾ ਨਾਂ ਵੀ ਸ਼ਾਮਲ ਹੈ।

ਚਾਰਜਸ਼ੀਟ ਵਿੱਚ 122 ਗਵਾਹ ਸ਼ਾਮਲ ਨੇ ਜਿੰਨਾਂ ਵਿੱਚ ਮੌਕੇ ‘ਤੇ ਮੌਜੂਦ ਚਸ਼ਮਦੀਦ, ਮੂਸੇਵਾਲਾ ਦੇ ਨਾਲ ਕਤਲ ਦੌਰਾਨ ਮੌਜੂਦ ਦੋਸਤ, ਪੋਸਟ ਮਾਰਟਮ ਕਰਨ ਵਾਲੇ ਡਾਕਟਰ, ਸ਼ੂਟਰਾਂ ਨੂੰ ਠਹਿਰਾਉਣ ਵਾਲੇ ਹੋਟਲ ਦਾ ਸਟਾਫ ਸ਼ਾਮਲ ਹੈ।ਮਾਨਸਾ ਦੇ ਐੱਸਐੱਸਪੀ ਮੁਤਾਬਿਕ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 2 ਦਾ ਐਂਨਕਾਉਂਟਰ ਹੋਇਆ ਹੈ। ਚਾਰਜਸ਼ੀਟ ਵਿੱਚ ਸਿੱਧੂ ਦੇ ਕਤਲ ਤੋਂ ਪਹਿਲਾਂ ਰੇਕੀ ਕਰਨ ਵਾਲੇ ਸੰਦੀਪ ਕੇਕੜੇ ਦਾ ਨਾਂ ਵੀ ਸ਼ਾਮਲ ਹੈ।ਇਸ ਤੋਂ ਇਲਾਵਾ ਸ਼ੂਟਰ ਪ੍ਰਿਯਵਰਤ ਫੌਜੀ,ਅੰਕਿਤ ਸੇਰਸਾ,ਕਸ਼ਿਸ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।ਐਨਕਾਉਂਟਰ ਵਿੱਚ ਮਾਰੇ ਗਏ ਜਗਰੂਪ ਰੂਪਾ, ਮਨਪ੍ਰੀਤ ਮੰਨੂ ਤੋਂ ਇਲਾਵਾ ਗੈਂਗਸਟਰ ਮਨਪ੍ਰੀਤ ਭਾਉ,ਸਰਾਜ ਮਿੰਟੂ, ਮਨਮੋਹਨ ਮੋਹਨਾ, ਸਚਿਨ ਭਿਵਾਨੀ ਦਾ ਵੀ ਚਾਰਜਸ਼ੀਟ ਵਿੱਚ ਨਾਮ ਆਇਆ  ਹੈ।

ਤਫਤੀਸ਼ ਤੋਂ ਬਾਅਦ ਕੀਤੀ ਜਾਵੇਗੀ ਅਗਲੀ ਚਾਰਜਸ਼ੀਟ ਦਾਖਲ

ਸਿੱਧੂ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ ਤੇ ਸਬੂਤਾਂ ਦੇ ਆਧਾਰ ‘ਤੇ ਤਫਤੀਸ਼ ਤੋਂ ਬਾਅਦ ਅਗਲੀ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ।ਇਸ ਮਾਮਲੇ ਵਿੱਚ ਦੋ ਵਿਅਕਤੀਆਂ ਪਵਨ ਤੇ ਸੁਖਜੀਤ  ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਹੈ ਕਿਉਂਕਿ ਪੁਲਿਸ ਨੂੰ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ।ਇਸ ਕੇਸ ਵਿੱਚ ਅੱਜ 5 ਵਿਅਕਤੀਆਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਹੈ ਤੇ ਇਹ ਕਾਰਵਾਈ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੋਈ ਹੈ।ਉਹਨਾਂ ਨੂੰ ਇਸ ਮਾਮਲੇ ਵਿੱਚ ਕਿਸੇ ਪੁਰਾਣੀ ਰੰਜਿਸ਼ ਦਾ ਵੀ ਸ਼ੱਕ ਹੈ, ਜਿਸ ਦੀ ਜਾਂਚ ਪੁਲਿਸ ਕਰੇਗੀ।

ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਖਿਲਾਫ ਪੰਜਾਬ ਪੁਲਿਸ ਕਰੇਗੀ ਕਾਰਵਾਈ

ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਖਿਲਾਫ ਪੰਜਾਬ ਪੁਲਿਸ ਅਗਲੀ ਕਾਰਵਾਈ ਕਰੇਗੀ ਤੇ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇਗਾ।ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਮੰਨੂ ਤੇ ਰੂਪਾ ਕੋਲੋਂ 3 ਹਥਿਆਰਾਂ ਤੋਂ ਇਲਾਵਾ ਮੋਬਾਇਲ ਤੇ ਹੋਰ ਸਾਮਾਨ ਵੀ ਮਿਲਿਆ ਸੀ। ਇਸ ਸਾਰੇ ਮਾਮਲੇ ਵਿੱਚ ਪੰਜਾਬ ਪੁਲਿਸ,ਐਂਟੀਗੈਂਗਸਟਰ ਟਾਸਕ ਫੋਰਸ,ਐਸਆਈਟੀ ਤੇ ਹੋਰ ਟੀਮਾਂ ਨੇ ਰੱਲ ਕੇ ਕੰਮ ਕੀਤਾ ਹੈ।
ਕਥਿਤ ਤੌਰ ਤੇ ਦੀਪਕ ਮੁੰਡੀ ਦੀ ਵਾਇਰਲ ਆਡਿਓ ਬਾਰੇ ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਸਭ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੰਜਾਬੀ ਸੰਗੀਤ ਇੰਡਸਟਰੀ ਦੇ ਕੁੱਝ  ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਪੰਜਾਬ ਪੁਲਿਸ ਇਸ ਵੇਲੇ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ।