ਜੋਸ਼ੀਮੱਠ ਤੋਂ ਬਾਅਦ ਹੁਣ ਚਮੋਲੀ ਜ਼ਿਲੇ ਦੇ ਕਰਨਪ੍ਰਯਾਗ ਵਿੱਚ ਵੀ ਲੋਕ ਘਰਾਂ ਵਿੱਚ ਲਗਾਤਾਰ ਪੈ ਰਹੀਆਂ ਦਰਾਰਾਂ ਦੀ ਵਜ੍ਹਾ ਕਰਕੇ ਦਹਿਸ਼ਤ ਵਿੱਚ ਹਨ। ਕਰਨਪ੍ਰਯਾਗ ਵਿੱਚ ਅੱਠ ਘਰਾਂ ਦੀ ਹਾਲਤ ਖਤਰਨਾਕ ਬਣੀ ਹੋਈ ਹੈ, ਜਿਸਨੂੰ ਦੇਖਦਿਆਂ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਅੱਠ ਪਰਿਵਾਰਾਂ ਨੂੰ ਇਸਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਕਰਨਪ੍ਰਯਾਗ ਦੇ ਬਹੁਗੁਣਾ ਨਗਰ ਦੇ ਰਹਿਣ ਵਾਲੇ ਹਰੇਂਦਰ ਬਿਸ਼ਟ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਵਾਰੀ ਵੱਲੋਂ ਖਾਲੀ ਕਰਨ ਦੇ ਲਈ ਨੋਟਿਸ ਦਿੱਤਾ ਗਿਆ ਹੈ। ਬਹੁਗੁਣਾ ਨਗਰ ਵਿੱਚ ਹਰੇਂਦਰ ਬਿਸ਼ਟ ਦਾ 6 ਕਮਰਿਆਂ ਦਾ ਘਰ ਹੈ।
ਉੱਤਰਾਖੰਡ ਦੇ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਬਾਰੇ ਇਸਰੋ ਦੇ ਅੰਕੜਿਆਂ ਨੂੰ ਮੀਡੀਆਂ ਪਾਸੋਂ ਚੰਗੀ ਕਵਰੇਜ ਮਿਲਣ ਤੋਂ ਬਾਅਦ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐਮਏ) ਨੇ ਸਰਕਾਰੀ ਅਧਿਕਾਰੀਆਂ ਅਤੇ ਵਿਗਿਆਨਕ ਵਿਭਾਗਾਂ ਨੂੰ ਇਸ ਤਰ੍ਹਾਂ ਦੇ ਅੰਕੜੇ ਭਵਿੱਖ ’ਚ ਮੀਡੀਆ ਨਾਲ ਸਾਂਝੇ ਨਾ ਕਰਨ ਲਈ ਹੁਕਮ ਜਾਰੀ ਕੀਤਾ ਹੈ। ਆਫਿਸ ਮੈਮੋਰੰਡਮ (ਓਐੱਮ) ਵਿੱਚ ਐੱਨਡੀਐੱਮਏ ਨੇ ਕਿਹਾ, ‘ਇਹ ਦੇਖਿਆ ਗਿਆ ਹੈ ਕਿ ਵੱਖ-ਵੱਖ ਸਰਕਾਰੀ ਸੰਸਥਾਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਇਸ ਮਾਮਲੇ ’ਤੇ ਡਾਟਾ ਜਾਰੀ ਕਰ ਰਹੀਆਂ ਹਨ ਅਤੇ ਉਹ ਮੀਡੀਆ ਨਾਲ ਗੱਲਬਾਤ ਵੀ ਕਰ ਰਹੀਆਂ ਹਨ। ਇਹ ਨਾ ਸਿਰਫ਼ ਪ੍ਰਭਾਵਿਤ ਵਸਨੀਕਾਂ ਵਿੱਚ, ਸਗੋਂ ਦੇਸ਼ ਦੇ ਨਾਗਰਿਕਾਂ ਵਿੱਚ ਵੀ ਭੰਬਲਭੂਸਾ ਪੈਦਾ ਕਰ ਰਿਹਾ ਹੈ। ਇਸ ਲਈ ਭਵਿੱਖ ਵਿੱਚ ਮੀਡੀਆ ਨਾਲ ਅਜਿਹੇ ਅੰਕੜੇ ਸਾਂਝੇ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਬਦਰੀਨਾਥ ਤੇ ਹੇਮਕੁੰਟ ਸਾਹਿਬ ਜਿਹੀਆਂ ਧਾਰਮਿਕ ਥਾਵਾਂ ਅਤੇ ਕੌਮਾਂਤਰੀ ਸਕੀਇੰਗ ਸਥਾਨ ਓਲੀ ਪਹੁੰਚਣ ਦੇ ਮੁੱਖ ਰਸਤੇ ਜੋਸ਼ੀਮੱਠ ਨੂੰ ਜ਼ਮੀਨ ਧਸਣ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਮੁੱਢਲੇ ਅਧਿਐਨ ’ਚ ਕਿਹਾ ਹੈ ਕਿ ਅਪਰੈਲ ਤੇ ਨਵੰਬਰ 2022 ਵਿਚਾਲੇ ਜ਼ਮੀਨ ਧਸਣ ਦੀ ਪ੍ਰਕਿਰਿਆ ਹੌਲੀ ਸੀ। ਇਸ ਦੌਰਾਨ ਜੋਸ਼ੀਮੱਠ 8.9 ਸੈਂਟਮੀਟਰ ਤੱਕ ਧਸਿਆ ਸੀ ਪਰ 27 ਦਸੰਬਰ 2022 ਅਤੇ 8 ਜਨਵਰੀ 2023 ਵਿਚਾਲੇ ਜ਼ਮੀਨ ਤੇਜ਼ੀ ਨਾਲ ਧਸੀ ਤੇ ਇਨ੍ਹਾਂ ਦਿਨਾਂ ਦੌਰਾਨ ਸ਼ਹਿਰ 5.4 ਸੈਂਟੀਮੀਟਰ ਤੱਕ ਧਸ ਗਿਆ।
ਐੱਨਆਰਐੱਸਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ, ‘ਇਹ ਇਲਾਕਾ ਕੁਝ ਦਿਨਾਂ ਅੰਦਰ ਹੀ ਤਕਰੀਬਨ ਪੰਜ ਸੈਂਟੀਮੀਟਰ ਤੱਕ ਧਸ ਗਿਆ ਅਤੇ ਇਸ ਦੀ ਖੇਤਰੀ ਸੀਮਾ ਵੀ ਵੱਧ ਗਈ ਹੈ। ਰਿਪੋਰਟ ਅਨੁਸਾਰ ਇਲਾਕਾ ਧਸਣ ਦਾ ਕੇਂਦਰ ਜੋਸ਼ੀਮੱਠ-ਓਲੀ ਰੋਡ ਨੇੜੇ 2,180 ਮੀਟਰ ਦੀ ਉਚਾਈ ’ਤੇ ਸਥਿਤ ਸੀ।