India Punjab

DSGMC ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ਦੇ ‘84 ਸਿੱਖ ਕਤ ਲੇਆਮ ਦੇ ਪੀੜਤਾਂ ਦਾ ਕੇਸ ਲੜੇਗੀ

‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਵਿਚ ਬੋਕਾਰੋ ਵਿਚ ਮਾਰੇ ਗਏ 100 ਤੋਂ ਜ਼ਿਆਦਾ ਸਿੱਖਾਂ ਦੇ ਕੇਸਾਂ ਦੀ ਪੈਰਵੀ ਖੁਦ ਕਰਨ ਦਾ ਐਲਾਨ ਕੀਤਾ ਹੈ ਅਤੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦਾ ਇਕ ਵਫਦ ਅੱਜ ਝਾਰਖੰਡ ਦੇ ਬੋਕਾਰੋ ਸ਼ਹਿਰ ਵਿਖੇ ਪਹੁੰਚਿਆ, ਜਿੱਥੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਤੋਂ ਦਸਤਾਵੇਜ਼ ਪ੍ਰਾਪਤ ਕੀਤੇ ਤਾਂ ਜੋ ਅਦਾਲਤ ਚ ਕੇਸ ਲੜੇ ਜਾ ਸਕਣ।

ਇਸ ਵਫਦ ਦਾ ਬੋਕਾਰੋ ਵਿਚ ਸਿੱਖਾਂ ਨੇ ਨਿੱਘਾ ਸਵਾਗਤ ਕੀਤਾ ਤੇ ਬੋਕਾਰੋ ਦੇ ਗੁਰਦੁਆਰਾ ਸਾਹਿਬ ਚ ਵਫਦ ਨੂੰ ਸਨਮਾਨਤ ਕੀਤਾ ਗਿਆ। ਕਾਹਲੋਂ ਨੇ ਦੱਸਿਆ ਕਿ ਬੋਕਾਰੋ ਸ਼ਹਿਰ ਚ 100 ਤੋਂ ਜ਼ਿਆਦਾ ਸਿੱਖ 1984 ਦੇ ਸਿੱਖ ਕ ਤ ਲੇਆਮ ਵੇਲੇ ਮਾ ਰੇ ਗਏ ਸਨ। ਉਹਨਾਂ ਦੱਸਿਆ ਕਿ ਬਹੁਗਿਣਤੀ ਮਾਮਲਿਆਂ ਚ ਐਫ.ਆਈ.ਆਰ ਦਰਜ ਹੀ ਨਹੀਂ ਕੀਤੀ ਗਈ ਤੇ ਜਿਹੜੇ ਮਾਮਲਿਆਂ ਚ ਐਫ.ਆਈ.ਆਰ ਦਰਜ ਹੋਈ ਸੀ, ਉਹਨਾਂ ਵਿਚ ਕਾਰਵਾਈ ਠੱਪ ਕਰ ਦਿੱਤੀ ਗਈ ਤੇ 100 ਤੋਂ ਜ਼ਿਆਦਾ ਸਿੱਖਾਂ ਦੇ ਕਤਲ ਦੇ ਦੋਸ਼ ਹੇਠ ਇਕ ਵੀ ਦੋਸ਼ੀ ਜੇਲ੍ਹ ਨਹੀਂ ਗਿਆ। ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਇਹ ਮਾਰੇ ਗਏ ਸਿੱਖਾਂ ਦੀ ਪੈਰਵੀ ਅਸੀਂ ਆਪ ਕਰਾਂਗੇ ਤੇ ਇਸ ਵਾਸਤੇ ਦਿੱਲੀ ਕਮੇਟੀ ਦੇ ਵਕੀਲ ਇਹ ਕੇਸ ਲੜਨਗੇ ਤੇ ਕਮੇਟੀ ਦਾ ਲੀਗਲ ਸੈਲ ਸਾਰੇ ਕੇਸਾਂ ਤੇ ਆਪ ਨਜ਼ਰ ਰੱਖੇਗਾ।

ਉਹਨਾਂ ਕਿਹਾ ਕਿ ਬੋਕਾਰੋ `ਚ ਸਿੱਖ ਪਰਿਵਾਰਾਂ ਨੂੰ 38 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣਾ, ਕਾਨਪੁਰ ਸਿੱਖ ਕ ਤਲੇ ਆਮ ਵਾਂਗੂ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਕਾਨਪੁਰ ਵਿਚ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕੀਤੀ ਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵੱਲੋਂ ਵਿਸ਼ੇਸ਼ ਜਾਂਚ ਟੀਮ ਯਾਨੀ ਐਸ.ਆਈ.ਟੀ ਗਠਿਤ ਕੀਤੀ ਗਈ।ਉਹਨਾਂ ਦੱਸਿਆ ਕਿ ਹੁਣ 38 ਸਾਲਾਂ ਬਾਅਦ ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿਚ 25 ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ ਹੈ।ਇਸ ਤੋਂ ਪਹਿਲਾਂ ਦਿੱਲੀ ਦੇ ਸਿੱਖ ਕਤਲੇਆਮ ਦੀ ਪੈਰਵੀ ਦਿੱਲੀ ਕਮੇਟੀ ਨੇ ਕੀਤੀ ਸੀ ਜਿਸ ਦੀ ਬਦੌਲਤ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਤੇ ਹੋਰ ਵੀ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਇਸੇ ਤਰੀਕੇ ਅਸੀਂ ਬੋਕਾਰੋ ਕੇਸਾਂ ਦੀ ਪੈਰਵੀ ਕਰਾਂਗੇ ਤਾਂ ਜੋ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ ਅਤੇ ਅਸੀਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ। ਇਸ ਵਾਸਤੇ ਸਥਾਨਕ ਸਿੱਖਾਂ ਦਾ ਪੂਰਾ ਸਾਥ ਦਿਆਂਗੇ।