ਅੰਮ੍ਰਿਤਸਰ : ਅੱਜ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਸਰੀ ਵਾਰ SGPC ਦੇ ਨਵੇਂ ਪ੍ਰਧਾਨ ਬਣ ਗਏ। ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਏ ਇਜਲਾਸ ਦੌਰਾਨ ਪ੍ਰਧਾਨ ਲਈ ਕੁੱਲ 136 ਵੋਟਾਂ ਪਈਆਂ, ਜਿਸਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆਂ ਤੇ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਾਈਆਂ। 118 ਵੋਟਾਂ ਨਾਲ ਹਰਜਿੰਦਰ ਸਿੰਘ ਧਾਮੀ ਮੁੜ SGPC ਪ੍ਰਧਾਨ ਐਲਾਨੇ ਗਏ ਹਨ।
ਹਰਜਿੰਦਰ ਸਿੰਘ ਧਾਮੀ ਨਵੰਬਰ 2021 ‘ਚ ਪਹਿਲੀ ਵਾਰ SGPC ਪ੍ਰਧਾਨ ਬਣੇ ਸਨ ਫੇਰ 2022 ‘ਚ ਬੀਬੀ ਜਾਗੀਰ ਕੌਰ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ ਅਤੇ ਇਸ ਸਾਲ ਬਲਬੀਰ ਸਿੰਘ ਘੁੰਨਸ ਨੂੰ 101 ਵੋਟਾਂ ਨਾਲ ਹਰਾ ਕੇ ਤੀਸਰੀ ਵਾਰ SGPC ਦੇ ਪ੍ਰਧਾਨ ਬਣ ਗਏ ਹਨ।
ਪ੍ਰਧਾਨ ਤੋਂ ਇਲਾਵਾ ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਹਰਭਜਨ ਸਿੰਘ ਮਸਾਣਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਬਖਸ਼ ਸਿੰਘ ਖਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ।
ਅੰਤਰਿੰਗ ਕਮੇਟੀ ਦੇ ਚੁਣੇ ਗਏ ਮੈਂਬਰ
• ਸ. ਮੋਹਨ ਸਿੰਘ ਬੰਗੀ
• ਸ. ਰਘਬੀਰ ਸਿੰਘ ਸਹਾਰਨਮਾਜਰਾ
• ਸ. ਜਸਮੇਰ ਸਿੰਘ ਲਾਛੜੂ
• ਸ. ਗੁਰਬਚਨ ਸਿੰਘ ਕਾਰਮੁਵਰ
• ਬੀਬੀ ਹਰਦੀਪ ਕੌਰ ਖੋਖ
• ਸ. ਗੁਰਪ੍ਰੀਤ ਸਿੰਘ ਝੱਬਰ
• ਬੀਬੀ ਮਲਕੀਤ ਕੌਰ ਕਮਾਲਪੁਰ
• ਸ. ਅਮਰਜੀਤ ਸਿੰਘ ਭਲਾਈਪੁਰ
• ਬੀਬੀ ਜਸਪਾਲ ਕੌਰ
• ਸ. ਜਸਵੰਤ ਸਿੰਘ ਪੜੈਣ
• ਸ. ਖੁਸ਼ਵਿੰਦਰ ਸਿੰਘ ਭਾਟੀਆ
SGPC ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਕਾਰਜਕਾਰੀ ਦੇ ਮੈਂਬਰਾਂ ਦੀ ਚੋਣ ਕਰਨ ਲਈ ਅੱਜ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ‘ਚ SGPC ਦਾ ਜਨਰਲ ਇਜਲਾਸ 1 ਵਜੇ ਸ਼ੁਰੂ ਹੋ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ, ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਲੋਂ ਹੁਕਮਨਾਮਾ ਲਿਆ ਗਿਆ ਅਤੇ ਫੇਰ ਵਿਛੜੀਆਂ ਰੂਹਾਂ ਨੂੰ ਪੰਜ ਵਾਰ ਮੂਲ ਮੰਤਰ ਦਾ ਜਾਪ ਕਰ ਕੇ ਸ਼ਰਧਾਂਜਲੀ ਦਿੱਤੀ ਗਈ।
ਮਲੇਰਕੋਟਲਾ ਦੀ ਆਖਰੀ ਬੇਗਮ ਮੁਨੱਵਰ-ਉਨ-ਨਿਸ਼ਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਹਰਜਿੰਦਰ ਸਿੰਘ ਧਾਮੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦਾ ਨਾਮ ਲੈਣਾ ਭੁੱਲ ਗਏ ਸਨ, ਬਾਅਦ ਵਿਚ ਉਹਨਾਂ ਦਾ ਨਾਮ ਵੱਖਰੇ ਤੌਰ ‘ਤੇ ਲੈ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਪੰਜ ਵਾਰ ਮੂਲ ਮੰਤਰ ਦਾ ਜਾਪ ਕੀਤਾ ਗਿਆ।
ਉਸ ਤੋਂ ਬਾਅਦ ਦੋਵੇਂ ਧਿਰਾਂ ਨੇ ਆਪਣੇ ਆਪਣੇ ਉਮੀਦਵਾਰ ਨਾ ਨਾਮ ਪੇਸ਼ ਕੀਤਾ। ਇੱਕ ਧਿਰ ਨੇ ਅਕਾਲੀ ਦਲ ਵਲੋਂ ਉਮੀਦਵਾਰ ਐਲਾਨੇ ਹਰਜਿੰਦਰ ਸਿੰਘ ਧਾਮੀ ਦਾ ਨਾਮ ਲਿਆ। ਗੁਰਚਰਨ ਸਿੰਘ ਗਰੇਵਾਲ, ਗੋਬਿੰਦ ਸਿੰਘ ਲੌਂਗੋਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵਲੋਂ ਹਰਜਿੰਦਰ ਸਿੰਘ ਧਾਮੀ ਦਾ ਨਾਮ ਪੇਸ਼ ਕੀਤਾ ਗਿਆ। ਦੂਜੀ ਧਿਰ ਵਿੱਚੋਂ ਹਲਕਾ ਡੇਰਾਬੱਸੀ ਤੋਂ ਮੈਂਬਰ ਅਮਰੀਕ ਸਿੰਘ , ਬਲਦੇਵ ਸਿੰਘ ਅਤੇ ਜਰਨੈਲ ਸਿੰਘ ਜੌੜਾ ਵਲੋਂ ਸੰਤ ਬਲਬੀਰ ਸਿੰਘ ਘੁੰਨਸ ਜੋ ਕਿ ਹਲਕਾ ਚੰਨਣਵਾਲਾ ਤੋਂ SGPC ਮੈਂਬਰ ਹਨ, ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ।
ਨਾਮ ਪੇਸ਼ ਕਰਨ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤ ਤੇ ਮੈਂਬਰਾਂ ਨੂੰ ਹੱਥ ਖੜ੍ਹੇ ਕਰ ਵੋਟਾਂ ਪਾਉਣ ਦੀ ਤਜ਼ਵੀਜ਼ ਪੇਸ਼ ਕੀਤੀ ਪਰ ਵਿਰੋਧੀ ਧਿਰ ਵਲੋਂ ਉਸਨੂੰ ਨਕਾਰ ਦਿੱਤਾ ਗਿਆ, ਮਗਰੋਂ ਬੈਲਟ ਪੇਪਰ ਰਾਹੀਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਡੇਢ ਘੰਟੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਕੀਤੀ ਗਈ ਤੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਐਲਾਨਿਆ ਗਿਆ |