ਬਿਉਰੋ ਰਿਪੋਰਟ : ਪੰਜਾਬ ਦੇ ADGP (ਜੇਲ੍ਹ) ਦੇ ਕਾਨੂੰਨੀ ਅਧਿਕਾਰੀ ਮਨੀਸ਼ ਮਿੱਤਲ ਨੂੰ 8 ਸਾਲ ਪੁਰਾਣੇ ਰਿਸ਼ਵਤ ਮਾਮਲੇ ਵਿੱਚ CBI ਦੀ ਸਪੈਸ਼ਲ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ । ਇਸ ਦੇ ਨਾਲ ਕੋਰਟ ਨੇ ਉਨ੍ਹਾਂ ਨੂੰ 4 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਹੈ । ਅਦਾਲਤ ਨੇ ਇਸ ਤੋਂ ਇਲਾਵਾ ਮਿੱਤਲ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮਨੀਸ਼ ਮਿੱਤਲ ਨੂੰ CBI ਨੇ 7 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਸੀ । CBI ਦੀ ਸਪੈਸ਼ਲ ਕੋਰਟ ਨੇ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਹੋਣ ਦੇ ਬਾਅਦ ਮਿੱਤਲ ਨੂੰ ਦੋਸ਼ੀ ਕਰਾਰ ਦਿੱਤਾ ਸੀ ।

ਫਾਈਲ ਪਾਸ ਕਰਨ ਦੇ ਲਈ ਮੰਗੀ ਸੀ ਰਿਸ਼ਵਤ

ਪਟਿਆਲਾ ਵਿੱਚ ਸ਼ਿਕਾਇਤਕਰਤਾ ਨੇ CBI ਨੂੰ ਕਿਹਾ ਸੀ ਕਿ ਉਸ ਨੂੰ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ । ਉਸ ਨੇ ਨਾਭਾ ਮਾਡਨ ਜੇਲ੍ਹ ਵਿੱਚ ਆਪਣੀ 20 ਸਾਲ ਦੀ ਸਜ਼ਾ ਵਿੱਚ 14 ਸਾਲ ਪੂਰੇ ਕਰ ਲਏ ਸਨ । ਚੰਗੇ ਕੰਮ ਦੇ ਲ਼ਈ ਉਸ ਦੀ 6 ਸਾਲ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ । ਉਸ ਨੇ ਆਪਣੀ ਪੂਰੀ ਸਜ਼ਾ ਦੀ ਫਾਈਲ ਪਾਸ ਕਰਨ ਦੇ ਲਈ ਪੰਜਾਬ ਦੇ ADGP (ਜੇਲ੍ਹ) ਦਫਤਰ ਵਿੱਚ ਤਾਇਨਾਤ ਕਾਨੂੰਨ ਅਧਿਕਾਰੀ ਮਨੀਸ਼ ਮਿੱਤਲ ਨਾਲ ਸੰਪਰਕ ਕੀਤਾ ।

ਇਲਜ਼ਾਮਾਂ ਮੁਤਾਬਿਕ ਮਨੀਸ਼ ਨੇ ਫਾਈਲ ਪਾਸ ਕਰਨ ਦੇ ਲਈ ਕੇਸ ਆਪਣੇ ਪੱਖ ਕਰਨ ਲਈ ਸ਼ਿਕਾਇਤਕਰਤਾ ਤੋਂ 7 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। 25 ਅਗਸਤ ਨੂੰ ਲਾਅ ਆਫਿਸਰ ਨੇ ਪੈਸੇ ਲੈਕੇ ਉਸ ਨੂੰ ਸੈਕਟਰ 17 ਸਥਿਤ ADGP ਦਫਤਰ ਬੁਲਾਇਆ । ਸ਼ਿਕਾਇਤਕਰਤਾ ਦੀ ਜਾਣਕਾਰੀ ਦੇ ਅਧਾਰ ‘ਤੇ CBI ਨੇ ਟਰੈਪ ਲਗਾਇਆ ਸੀ । ਜਿਵੇ ਹੀ ਸ਼ਿਕਾਇਤਕਰਤਾ ਨੇ ਕਾਨੂੰਨੀ ਅਧਿਕਾਰੀ ਨੂੰ ਰਿਸ਼ਵਤ ਦਿੱਤੀ ਫੌਰਨ CBI ਨੇ ਮਨੀਸ਼ ਮਿੱਤਲ ਨੂੰ ਰੰਗੇ ਹੱਥੀ ਫੜ ਲਿਆ ।