‘ਦ ਖ਼ਾਲਸ ਬਿਊਰੋ : ਪੰਜਾਬੀ ਕਲਾਕਾਰ, ਗਾਇਕਾ ਤੇ ਐਕਟੀਵਿਸਟ ਸੋਨੀਆ ਮਾਨ (Sonia Mann) ਆਲ ਇੰਡੀਆ ਜਾਟ ਮਹਾਂਸਭਾ ‘ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੂੰ ਜਾਟ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਪਾਰਟੀ ਵਿਚ ਸ਼ਾਮਲ ਕੀਤਾ ਹੈ। ਉਸ ਨੂੰ ਆਲ ਇੰਡੀਆ ਜਾਟ ਮਹਾਸਭਾ ਦੇ ਯੁਵਾ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵੀ ਮੌਜੂਦ ਸੀ।
ਸੋਨੀਆ ਮਾਨ ਨੇ ਕਿਹਾ ਕਿ ਉਸ ਨੇ ਹਮੇਸ਼ਾ ਕਿਸਾਨਾਂ ਅਤੇ ਸਮਾਜ ਦੇ ਲੋਕਾਂ ਦੇ ਮਸਲੇ ਉਠਾਉਣ ਦਾ ਯਤਨ ਕੀਤਾ ਹੈ। ਪੰਜਾਬ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਅਤੇ ਹੋਰ ਸਮੱਸਿਆਵਾਂ ਲਈ ਅਕਤੂਬਰ ਵਿਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਰਣਨੀਤੀ ਬਣਾਈ ਜਾਵੇਗੀ।
ਸੂਬੇ ਵਿਚ ਲੰਪੀ ਸਕਿਨ ਕਾਰਨ ਹਜ਼ਾਰਾਂ ਗਊਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਨੂੰ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨ ਦੇਣਾ ਚਾਹੀਦਾ ਹੈ ਅਤੇ ਗਊਆਂ ਦੀ ਮੌਤ ’ਤੇ ਹਰ ਪਸ਼ੂ ਪਾਲਕ ਨੂੰ ਘੱਟੋ ਘੱਟ 60,000 ਰੁਪਏ, ਬਿਮਾਰ ਗਊ ਦੇ ਮਾਲਕ ਨੂੰ 10,000 ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਾਟ ਸਮਾਜ ਨੂੰ ਹਰ ਖੇਤਰ ਵਿਚ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜਾਟ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਕਿ ਜਾਟ ਸਮਾਜ ਦੀਆਂ ਸਮੱਸਿਆਵਾਂ ਹੱਲ ਹੋ ਸਕਣ। ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ਜਾਟ ਸਮਾਜ ਦੀਆਂ ਔਰਤਾਂ ਦੇ ਸ਼ਕਤੀਕਰਨ ਲਈ ਆਲ ਇੰਡੀਆ ਜਾਟ ਮਹਾਂਸਭਾ ਦੀ ਮਹਿਲਾ ਵਿੰਗ ਪੰਜਾਬ ਵੱਲੋਂ ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ।