‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਵਿੱਚ ਜਗਨਨਾਥਪੁਰੀ ਓੜੀਸਾ ਵਿਖੇ ਆਰਤੀ ਸਾਹਿਬ ਨਾਂ ਦੇ ਗੁਰਦੁਆਰਾ ਸਾਹਿਬ ‘ਤੇ ਵਿਚਾਰ ਕਰਨ ਤੋਂ ਬਾਅਦ ਬਾਬਾ ਸ਼ਮਸ਼ੇਰ ਸਿੰਘ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਇਸ ਸਬੰਧੀ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਆਦੇਸ਼ ਦਿੱਤੇ ਗਏ। ਜੇਕਰ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਗਲੀ ਇਕੱਤਰਤਾ ਵਿੱਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਓੜੀਸਾ ਵਿਖੇ ਇੱਕ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ ਜਦਕਿ ਇਹ ਉਹ ਅਸਥਾਨ ਨਹੀਂ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ। ਪਹਿਲਾਂ ਵੀ ਇਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜ਼ੁਬਾਨੀ ਆਦੇਸ਼ ਦਿੱਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ। ਪਰ ਇਸਨੇ ਕੋਈ ਅਮਲ ਨਹੀਂ ਕੀਤਾ ਸੀ।