Punjab

ਵੜਿੰਗ ਵੱਲੋਂ ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਨੂੰ ਲੈ ਕੇ ਉਠਾਏ ਇਤਰਾਜ਼ਾਂ ‘ਤੇ “ਆਪ” ਦਾ ਜਵਾਬ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਨੂੰ ਲੈ ਕੇ ਉਠਾਏ ਇਤਰਾਜ਼ਾਂ ‘ਤੇ ਸਵਾਲ ਚੁੱਕੇ ਹਨ। ‘ਆਪ’ ਨੇ ਕਿਹਾ ਕਿ ਰਾਜਾ ਵੜਿੰਗ ਦੀ ਬੇਚੈਨੀ ਦੱਸਦੀ ਹੈ ਕਿ ਇਨ੍ਹਾਂ ਤਬਾਦਲਿਆਂ ਕਾਰਨ ਉਨ੍ਹਾਂ ਦੇ ਨਿੱਜੀ ਹਿੱਤ ਦਾਅ ’ਤੇ ਲੱਗ ਗਏ ਹਨ।

ਪ੍ਰੈੱਸ ਕਾਨਫ਼ਰੰਸ ਦੌਰਾਨ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕੁਝ ਪੁਲਿਸ ਮੁਲਾਜ਼ਮ ਡਰੱਗ ਨੈਕਸਸ ਦਾ ਹਿੱਸਾ ਹਨ, ਇਸ ਲਈ ਇਸ ਨੈਕਸਸ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਤਬਾਦਲੇ ਕਰਨ ਦਾ ਫ਼ੈਸਲਾ ਕੀਤਾ ਹੈ। ਕੰਗ ਨੇ ਕਾਂਗਰਸੀ ਆਗੂ ਦੀ ਪ੍ਰਤੀਕਿਰਿਆ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਨ੍ਹਾਂ ਤਬਾਦਲਿਆਂ ਤੋਂ ਕਿਉਂ ਪ੍ਰੇਸ਼ਾਨ ਹਨ। ਕੰਗ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਿਸਟਮ ਵਿੱਚ ਵੜਿੰਗ ਦੀਆਂ ਨਿੱਜੀ ਸੈਟਿੰਗਾਂ ਵਿਗੜ ਗਈਆਂ ਹਨ।

ਕੰਗ ਨੇ ਰਾਜਾ ਵੜਿੰਗ ਦੇ ਉਸ ਬਿਆਨ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਕਾਂਗਰਸ ਨੂੰ ਵੋਟਾਂ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਰਹੀ ਹੈ। ਕੰਗ ਨੇ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਕਿਵੇਂ ਪਤਾ ਹੈ ਕਿ ਕਿਸ ਨੇ ਕਿਸ ਨੂੰ ਵੋਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ ਹੀ ਕੰਮ ਕਰਨਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ, ਹੁਣ ਵੜਿੰਗ ਵੀ ਅਜਿਹਾ ਹੀ ਬਿਆਨ ਦੇ ਰਹੇ ਹਨ।

ਕੰਗ ਨੇ ਕਿਹਾ ਕਿ ਲੋਕਤੰਤਰ ਵਿੱਚ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਕਿਸ ਨੇ ਕਿਸ ਨੂੰ ਵੋਟ ਦਿੱਤੀ। ਪਰ ਕਾਂਗਰਸੀ ਆਗੂਆਂ ਦੇ ਅਜਿਹੇ ਲਗਾਤਾਰ ਗੈਰ-ਜ਼ਿੰਮੇਵਾਰਾਨਾ ਬਿਆਨ ਚਿੰਤਾ ਦਾ ਵਿਸ਼ਾ ਹਨ। ਕੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਭਾਜਪਾ ਦੇ ਆਗੂ ਪੰਜਾਬ ਅਤੇ ਇਸ ਦੇ ਲੋਕਾਂ ਦੇ ਮੁੱਦਿਆਂ ‘ਤੇ ਆਮ ਤੌਰ ‘ਤੇ ਚੁੱਪ ਰਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਅਤੇ ਸੁਨੀਲ ਜਾਖੜ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਜੇਲ੍ਹ ਤੋਂ ਸਾਹਮਣੇ ਆਈ ਵੀਡੀਓ ਦਾ ਮੁੱਦਾ ਨਹੀਂ ਉਠਾ ਰਹੇ। ਪਰ ਉਹ ਪੁਲਿਸ ਵਿਭਾਗ ਦੇ ਕੁੱਝ ਰੁਟੀਨ ਕੰਮਕਾਜ ‘ਤੇ ਇਤਰਾਜ਼ ਜਤਾ ਰਹੇ ਹਨ। ਕੰਗ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਕਾਂਗਰਸ ਅਤੇ ਭਾਜਪਾ ਦੇ ਆਗੂ ਅਕਸਰ ਭ੍ਰਿਸ਼ਟ ਲੋਕਾਂ ਦੀ ਸਰਪ੍ਰਸਤੀ ਕਰਦੇ ਹਨ।

ਇਸ ਤੋਂ ਬਾਅਦ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਕੀਤੀਆਂ ਗਈਆਂ ਬਦਲੀਆਂ ਇੱਕ ਉਹ ਬਦਲਾਅ ਹੈ ਜਿਸ ਨਾਲ ਪੰਜਾਬ ਪੁਲਿਸ ਨੂੰ ਸਜਾ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਯੂਜੀਸੀ ਨੈੱਟ ਪ੍ਰੀਖਿਆ ਰੱਦ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛੇ