ਅਪਰੇਸ਼ਨ ਲੋਟਸ(operation lotus)’ ਦਰਮਿਆਨ ਆਮ ਆਦਮੀ ਪਾਰਟੀ (AAP) ਹੁਣ ਦਿੱਲੀ ਵਿਚ 18 ਸਤੰਬਰ ਨੂੰ ਸ਼ਕਤੀ ਪ੍ਰਦਰਸ਼ਨ( POWER performance) ਕਰੇਗੀ। ਭਾਜਪਾ ਦੀ ਕੇਂਦਰ ਸਰਕਾਰ ਨੂੰ ਆਪਣੀ ਇਕਜੁੱਟਤਾ ਦਿਖਾਉਣ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ(arvind kejriwal) ਨੇ ਦੇਸ਼ ਭਰ ’ਚੋਂ ਆਪਣੀ ਪਾਰਟੀ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ ਹੈ। ‘ਆਪ’ ਵੱਲੋਂ 18 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ‘ਕੌਮੀ ਜਨ ਪ੍ਰਤੀਨਿਧੀ ਸੰਮੇਲਨ’ ਕੀਤਾ ਜਾਣਾ ਹੈ ਅਤੇ ਇਸ ਸਟੇਡੀਅਮ ਦੀ ਸਮਰੱਥਾ ਕਰੀਬ 1200 ਵਿਅਕਤੀਆਂ ਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(cm bhagwant mann ), ਜੋ ਵਿਦੇਸ਼ ਦੌਰੇ ਤੇ ਹਨ, ਇਸ ਕੌਮੀ ਸੰਮੇਲਨ ਵਿਚ ਸ਼ਾਮਲ ਹੋਣਗੇ। ਪੰਜਾਬ ਤੋਂ ‘ਆਪ’ ਦੇ ਬਾਕੀ 91 ਵਿਧਾਇਕ 18 ਸਤੰਬਰ ਨੂੰ ਸਵੇਰੇ 9 ਵਜੇ ਸਮਾਗਮ ਵਾਲੀ ਥਾਂ ਪੁੱਜ ਜਾਣਗੇ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨਗਰ ਨਿਗਮ ਮੁਹਾਲੀ ਦੇ ਆਪਣੇ ਹਮਾਇਤੀ ਕੌਂਸਲਰਾਂ ਨਾਲ ਦਿੱਲੀ ਜਾਣਗੇ। ਪੰਜਾਬ ਵਿਚ ‘ਆਪ’ ਦੇ ਚੁਣੇ ਸਰਪੰਚਾਂ ਅਤੇ ਕੌਂਸਲਰ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣਗੇ।
ਪੰਜਾਬ ਦੀ ‘ਆਪ’ ਸਰਕਾਰ ਨੇ ਪਿਛਲੇ ਦੋ ਦਿਨਾਂ ਤੋਂ ਭਾਜਪਾ ਹਕੂਮਤ ’ਤੇ ‘ਅਪਰੇਸ਼ਨ ਲੋਟਸ’ ਤਹਿਤ ਆਪਣੀ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਕੀਤੇ ਜਾਣ ਦੇ ਦੋਸ਼ ਲਾਏ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਸੀਬੀਆਈ ਅਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪਿਆਂ ਦਾ ਖ਼ੌਫ਼ ਵੀ ਪਿਛਲੇ ਦਿਨਾਂ ਤੋਂ ਦਿਖ ਰਿਹਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਘੀ ਜਾਂਚ ਏਜੰਸੀਆਂ ਦੇ ਛਾਪਿਆਂ ਤੇ ‘ਅਪਰੇਸ਼ਨ ਲੋਟਸ’ ਰਾਹੀਂ ਬਣਾਏ ਮਾਹੌਲ ਦਰਮਿਆਨ ‘ਆਪ’ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਏਕੇ ਦਾ ਪ੍ਰਦਰਸ਼ਨ ਕਰਨਗੇ।
ਇਸ ਦੌਰਾਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ’ਤੇ ਵੀ ਨਜ਼ਰ ਰਹੇਗੀ। ਚੁਣੇ ਹੋਏ ਨੁਮਾਇੰਦਿਆਂ ਨੂੰ ਇਨ੍ਹਾਂ ਸੂਬਿਆਂ ’ਚ ਚੋਣਾਂ ਦੀ ਤਿਆਰੀ ਲਈ ਸੱਦਾ ਦਿੱਤਾ ਜਾਣਾ ਹੈ। ਗੁਜਰਾਤ ’ਚੋਂ ਕਈ ਆਗੂ ਇਸ ਸੰਮੇਲਨ ਵਿਚ ਪੁੱਜਣਗੇ। ਉਂਜ ਪੰਜਾਬ ਤੇ ਦਿੱਲੀ ਦੇ ਚੁਣੇ ਵਿਧਾਇਕ ਮੋਹਰੀ ਰਹਿਣਗੇ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਦੇ ਮੱਦੇਨਜ਼ਰ ਨਵੀਆਂ ਡਿਊਟੀਆਂ ਵੀ ਲਗਾਈਆਂ ਜਾਣੀਆਂ ਹਨ।
ਵਿਦੇਸ਼ ਦੌਰੇ ’ਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਦੀ ਪੰਪ ਅਤੇ ਵਾਲਵ ਬਣਾਉਣ ਵਾਲੀ ਬਹੁ-ਕੌਮੀ ਕੰਪਨੀ ਕੇ.ਐਸ.ਬੀ. ਐਸ.ਈ. ਅਤੇ ਸੀ.ਓ. ਕੇ.ਜੀ.ਏ.ਏ. ਨੂੰ ਪੰਜਾਬ ਵਿਚ ਆਪਣਾ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਬਰਲਿਨ ਵਿੱਚ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ ਸਾਲ 23-24 ਫਰਵਰੀ, ਨੂੰ ਹੋਣ ਵਾਲੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।