Punjab

ਮਜੀਠੀਆ ਵੱਲੋਂ ਲਾਏ ਇਲਜਾਮਾਂ ‘ਤੇ ਆਪ ਦਾ ਪਲਟਵਾਰ,ਕਿਹਾ ਮੀਡੀਆ ਦਾ ਗਲ ਘੁੱਟਣ ਵਾਲੇ ਅੱਜ ਆਜ਼ਾਦੀ ਦੀ ਗੱਲ ਕਰ ਰਹੇ ਹਨ

ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ। ਉਹਨਾਂ ਇਹ ਵੀ ਕਿਹਾ ਕਿ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਵਿਅਕਤੀ ਨੂੰ 3 ਕਰੋੜ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਬਾਰੇ ਇਸ ਤਰਾਂ ਦੀ ਭਾਸ਼ਾ ਨੂੰ ਵਰਤਣਾ ਚੰਗਾ ਨਹੀਂ ਲਗਦਾ ਤੇ ਇਥੇ ਜਵਾਬ ਦੇਣਾ ਬਣਦਾ ਹੈ।

ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਮਜੀਠੀਆ ਵੱਲੋਂ ਉਠਾਏ ਗਏ ਸਵਾਲਾਂ ਦਾ ਜੁਆਬ ਦਿੰਦੇ ਹੋਏ ਕੰਗ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਵੇਲੇ ABP ਸਾਂਝਾ ਚੈਨਲ ਨੂੰ ਕੇਬਲ ਤੇ ਚੱਲਣ ਵਾਲੇ ਚੈਨਲਾਂ ਦੀ ਸੂਚੀ ‘ਚੋਂ ਬਾਹਰ ਰੱਖਿਆ ਗਿਆ ਸੀ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਲੜ ਲਾ ਕੇ ਗਾਲਣ ਵਾਲੇ ਅੱਜ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਰਾਜੇਸ਼ ਸਹਿਗਲ ਦੀ ਗੱਲ ਕਰਦੇ ਹੋਏ ਕੰਗ ਨੇ ਅਕਾਲੀ ਦਲ ਪ੍ਰਧਾਨ ਨੂੰ ਘੇਰਿਆ ਤੇ ਕਿਹਾ ਕਿ  ਇੱਕ ਬੂਥ ਕੈਪਚੁਰਿੰਗ ਮਾਮਲੇ ਵਿੱਚ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਉਸ ਵੇਲੇ ਅਕਾਲੀ ਸਰਕਾਰ ਨੇ ਇਸ ਪੱਤਰਕਾਰ ਨੂੰ ਸੁਰੱਖਿਆ ਨਹੀਂ ਮੁਹੱਇਆ ਕਰਵਾਈ ਸੀ।

ਅਕਾਲੀ ਦਲ ਦੇ ਵੇਲੇ 2007 ਤੋਂ ਲੈ ਕੇ 2017 ਤੱਕ ਕਿੰਨੇ ਨਵੇਂ ਚੈਨਲ ਸ਼ੁਰੂ ਹੋਏ ਤੇ ਕਿੰਨੇ ਪੱਤਰਕਾਰਾਂ ਨੂੰ ਰੁਜ਼ਗਾਰ ਮਿਲਿਆ,ਇਹ ਸਵਾਲ ਵੀ ਕੰਗ ਨੇ ਕੀਤਾ ਹੈ। ਬੇਅਦਬੀ ਵੇਲੇ ਤੇ ਸਰਬਤ ਖਾਲਸਾ ਵੇਲੇ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ‘ਤੇ ਝੂਠੇ ਪਰਚੇ ਕਰਵਾਉਣ ਦਾ ਇਲਜ਼ਾਮ ਵੀ ਅਕਾਲੀ ਦਲ ਤੇ ਆਪ ਦੇ ਬੁਲਾਰੇ ਨੇ ਲਗਾਇਆ ਹੈ।

ਕੰਗ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਆਪ ਆਗੂ ਨੇ ਆਪਣਾ ਚੈਨਲ ਨਹੀਂ ਚਲਾਇਆ ਹੈ,ਜਿਸ ਤਰਾਂ ਨਾਲ ਅਕਾਲੀ ਦਲ ਨੇ ਚਲਾਏ ਹੋਏ ਹਨ।ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹੋਏ ਕੰਗ ਨੇ ਕਿਹਾ ਹੈ ਕਿ ਦੇਸ਼ ਦੀ ਏਕਤਾ,ਅਖੰਡਤਾ,ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਿਸੇ ਵੀ ਪੋਸਟ ਜਾਂ ਕਿਸੇ ਵੀ ਖ਼ਬਰ ਨੂੰ ਪ੍ਰਸਾਰਿਤ ਕਰਨ ਵਾਲੇ ਚੈਨਲ ‘ਤੇ ਕਾਰਵਾਈ ਹੋਈ ਹੋ ਸਕਦੀ ਹੈ ਤੇ ਹੋ ਰਹੀ ਹੈ ਪਰ ਕਿਸੇ ਵੀ ਬੇਕਸੂਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਤੇ ਨਾ ਹੀ ਕੋਈ ਬਦਲੇ ਦੀ ਕਾਰਵਾਈ ਹੋਈ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਜਾਂ ਉਸ ਦੀ ਟੀਮ ਨਾਲ ਸੰਪਰਕ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਜਾਂਚ ਵਿੱਚ ਸ਼ਾਮਿਲ ਜ਼ਰੂਰ ਕੀਤਾ ਗਿਆ ਹੈ ਪਰ ਕੋਈ ਵੀ ਵੱਡੀ ਕਾਰਵਾਈ ਉਹਨਾਂ ‘ਤੇ ਨਹੀਂ ਹੋਈ ਹੈ।

ਕੰਗ ਨੇ ਦਾਅਵਾ ਕੀਤਾ ਹੈ ਕਿ ਮਜੀਠੀਆ ਵਰਗੇ ਲੀਡਰਾਂ ਨੇ ਫੋਨ ਕਰਕੇ ਚੱਲਦੀਆਂ ਬਹਿਸਾਂ ਨੂੰ ਫੋਨ ਕਰਕੇ ਬੰਦ ਕਰਵਾਇਆ ਹੈ। ਜਿਸ ਦੇ ਕਈ ਸਬੂਤ ਵੀ ਹਨ। ਮਜੀਠੀਆ ਉਤੇ ਤਾਂ ਆਪ ਪੰਜਾਬ ਵਿੱਚ ਸਿੰਥੈਟਿਕ ਨਸ਼ਾ ਸ਼ੁਰੂ ਕਰਨ ਦੇ ਇਲਜ਼ਾਮ ਹਨ ਤੇ ਕੇਸ ਵੀ ਉਹਨਾਂ ਤੇ ਚੱਲਦਾ ਪਿਆ ਹੈ ਤੇ ਇਹ ਅੱਜ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ।