Punjab

ਆਪ ਦੀ ਸਰਕਾਰ ਨੇ ਛੇੜਿਆ ਵਿ ਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਵਿੱਚ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਦਫ਼ਤਰ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਤਾਰਨ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁੱਖ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਘਾੜੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਸੰਭਾਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਮੁੱਖ ਮੰਤਰੀ ਦਫ਼ਤਰ ਵਿੱਚ ਸਜਾ ਦਿੱਤੀ ਸੀ। ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਪੰਜਾਬੀਆਂ ਵਿੱਚ ਭਰਵਾਂ ਰੋਸ ਹੈ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਦੋ ਨਵੀਆਂ ਤਸਵੀਰਾਂ ਲਾਉਣ ਦਾ ਫੈਸਲਾ ਤਾਂ ਸਵਾਗਤਯੋਗ ਹੈ ਪਰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਤਾਰਨੀ ਨਹੀਂ ਚਾਹੀਦੀ ਸੀ।

ਭਗਵੰਤ ਸਿੰਘ ਮਾਨ ਨੇ 10 ਮਾਰਚ ਨੂੰ ਨਤੀਜਿਆਂ ਦਾ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣ ਦੇ ਨਾਲ ਹੀ ਆਪਣੇ ਘਰ ਦੇ ਬਨੇਰੇ ਤੋਂ ਪੰਜਾਬੀਆਂ ਨੂੰ ਕੀਤੇ ਸੰਬੋਧਨ ਵਿੱਚ ਕਿਹਾ ਸੀ ਕਿ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਨਹੀਂ ਸਗੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਡਾ.ਭੀਮ ਰਾਓ ਅੰਬੇਦਕਰ ਦੀ ਤਸਵੀਰ ਲੱਗਿਆ ਕਰੇਗੀ। ਉਨ੍ਹਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਰਕਾਰੀ ਦਫ਼ਤਰਾਂ ਵਿੱਚ ਦੋਵੇਂ ਫੋਟੋਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇੱਥੇ ਵੀ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਪਣੀ ਸਰਕਾਰੀ ਰਿਹਾਇਸ਼ ਦੇ ਦਫ਼ਤਰ ਵਾਲੇ ਕਮਰੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਟੰਗੀ ਹੋਈ ਸੀ। ਉਂਝ, ਬਾਦਲ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਤਾਂ ਉਸ ਤੋਂ ਬਾਅਦ ਦੋ ਵਾਰ ਮੁੱਖ ਮੰਤਰੀ ਬਣ ਕੇ ਨਹੀਂ ਦੇ ਸਕੇ।

ਬੀਜੇਪੀ ਲੀਡਰ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਹਟਾਉਣ ਨੂੰ ਲੈ ਕੇ ਨਿਸ਼ਾਨਾ ਕੱਸਿਆ ਹੈ। ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰਫ਼ ਪੰਜਾਬ ਦੇ ਹੀ ਨਹੀਂ, ਹਿੰਦੁਸਤਾਨ ਦੇ ਨਹੀਂ ਬਲਕਿ ਦੁਨੀਆ ਦੇ ਮਹਾਨ ਰਾਜਿਆਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਰਾਜ ਇਸ ਤਰ੍ਹਾਂ ਦਾ ਸੀ ਜਿੱਥੇ ਸਾਰੇ ਬਰਾਬਰ ਸਨ, ਸਭ ਦੇ ਲਈ ਨਿਆਂ ਸਨ। ਮਹਾਰਾਜਾ ਰਣਜੀਤ ਸਿੰਘ ਤਾਂ ਪੰਜਾਬ ਦੇ ਸਭ ਤੋਂ ਵੱਡੇ । ਇਸੇ ਕਰਕੇ ਸਰਕਾਰੀ ਦਫ਼ਤਰਾਂ ਵਿੱਚ ਉਨ੍ਹਾਂ ਦੀ ਤਸਵੀਰ ਲੱਗੀ ਹੋਈ ਸੀ। ਉਨ੍ਹਾਂ ਦੀ ਤਸਵੀਰ ਨੂੰ ਹਟਾ ਕੇ ਇਨ੍ਹਾਂ ਨੇ ਪਾਪ ਕੀਤਾ ਹੈ। ਪੂਰੇ ਪੰਜਾਬ, ਪੰਜਾਬੀਅਤ ਦਾ ਅਪਮਾਨ ਕੀਤਾ ਹੈ। ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕ ਦੀ ਫੋਟੋ ਜ਼ਰੂਰ ਲੱਗਣੀ ਚਾਹੀਦੀ ਹੈ ਅਤੇ ਅਸੀਂ ਉਸਦਾ ਪੂਰਾ ਸਮਰਥਨ ਵੀ ਕਰਦੇ ਹਾਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਨੂੰ ਹਟਾਉਣ ਦੀ ਕੀ ਜ਼ਰੂਰਤ ਸੀ, ਤਿੰਨ ਫੋਟੋਆਂ ਵੀ ਲੱਗ ਸਕਦੀਆਂ ਸਨ। ਇਸ ਕਰਕੇ ਭਗਵੰਤ ਮਾਨ ਨੂੰ ਪੰਜਾਬ, ਹਿੰਦੁਸਤਾਨ ਦੇ ਲੋਕਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਉਸ ਫੋਟੋ ਨੂੰ ਪੂਰੇ ਸਨਮਾਨ ਦੇ ਨਾਲ ਉੱਥੇ ਵਾਪਸ ਲਗਾਇਆ ਜਾਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਇਆ ਗੁੱਸਾ ਸਮਝਣਗੇ ਅਤੇ ਆਪਣੀ ਗਲਤੀ ਠੀਕ ਕਰਨਗੇ।