Punjab

‘ਆਪ’ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ।  ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਸ਼ੈਰੀ ਕਲਸੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਕੈਬਿਨਟ ਮੰਤਰੀ ਅਮਨ ਅਰੋੜਾ ਸੁਨਾਮ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਆਪ ਪੰਜਾਬ ਦੀ ਸੂਬਾ ਇਕਾਈ ਦੇ ਸਹਿ ਪ੍ਰਧਾਨ ਵੀ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ। ਮਾਨ ਨੇ ਕਿਹਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉੱਪ ਪ੍ਰਧਾਨ ਦੇ ਤੌਰ ‘ਤੇ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ‘ਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ‘ਚ ਹੋਰ ਮਜ਼ਬੂਤ ਕਰਨਗੇ ਤੇ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।

ਦੱਸ ਦੀਏ ਕਿ ਬੀਤੇ ਦਿਨੀਂ ਪਾਰਟੀ ਦੇ ਮੌਜੂਦਾ ਪ੍ਰਧਾਨ ਭਗਵੰਤ ਮਾਨ ਨੇ ਅਹੁਦੇ ਤੋਂ ਲਾਂਭੇ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ।

ਕਾਂਗਰਸ ‘ਚੋਂ ਦੋ ਵਾਰ ਹਾਰੇ, ਲਗਾਤਾਰ ਦੂਜੀ ਵਾਰ ‘ਆਪ’ ‘ਚ ਵਿਧਾਇਕ ਬਣੇ

ਅਮਨ ਅਰੋੜਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਹਾਲਾਂਕਿ ਦੋਵੇਂ ਵਾਰ ਉਹ ‘ਆਪ’ ਦੀ ਟਿਕਟ ‘ਤੇ ਕਾਮਯਾਬ ਰਹੇ। ਕਾਂਗਰਸ ਵਿਚ ਰਹਿੰਦਿਆਂ ਉਸ ਨੇ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ, ਪਰ ਜਿੱਤ ਨਾ ਸਕੇ।

ਇਸ ਤੋਂ ਬਾਅਦ ਅਮਨ ਅਰੋੜਾ 2016 ‘ਚ ‘ਆਪ’ ‘ਚ ਸ਼ਾਮਲ ਹੋਏ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀਆਂ। ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਉਹ ਸੰਘਰਸ਼ ਕਰਦਾ ਰਿਹਾ। ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ 75,277 ਦੇ ਫਰਕ ਨਾਲ ਮਿਲੀ ਸੀ। ਉਨ੍ਹਾਂ ਨੇ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ ਸੀ।