‘ਦ ਖ਼ਾਲਸ ਟੀਵੀ ਬਿਊਰੋ:- ਆਮ ਆਦਮੀ ਪਾਰਟੀ ਪੰਜਾਬ ਬੁਲਾਰੇ ਅਤੇ ਆਰਟੀਆਈ ਕਾਰਕੁਨ ਵਕੀਲ ਦਿਨੇਸ਼ ਚੱਢਾ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਪੱਤਰ ਰਾਹੀਂ ਅਕਾਲੀ ਤੇ ਕਾਂਗਰਸ ਸਰਕਾਰਾਂ ਦੇ ਰਾਜ ਵਿੱਚ ਸਿਆਸੀ ਲੀਡਰਾਂ ਦੇ ਟਰਾਂਸਪੋਰਟ ਮਾਫੀਏ ਤੋਂ ਜਾਣੂੰ ਕਰਵਾਇਆ ਹੈ। ਉਨ੍ਹਾਂ ਪੱਤਰ ’ਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਬੱਸ ਪਰਮਿਟਾਂ ’ਚ ਸਰਕਾਰੀ ਬੱਸਾਂ ਅਤੇ ਪ੍ਰਾਈਵੇਟ ਬੱਸਾਂ ਦੇ ਪਰਮਿਟਾਂ ਦੀ ਹੱਦ ਨਿਸ਼ਚਿਤ ਹੁੰਦੀ ਹੈ ਪਰ ਅਕਾਲੀ ਤੇ ਕਾਂਗਰਸ ਸਰਕਾਰਾਂ ਦੀ ਮਿਲੀਭੁਗਤ ਨਾਲ ਸਿਆਸੀ ਲੋਕਾਂ ਨੂੰ ਪ੍ਰਾਈਵੇਟ ਕੋਟੇ ਤੋਂ ਵੱਧ ਪਰਮਿਟ ਦੇਣ ਲਈ ਟਰਾਂਸਪੋਰਟ ਨੀਤੀ ਦੀ ਉਲੰਘਣਾ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰੀ ਕੋਟੇ ਨੂੰ ਅਸਿੱਧੇ ਤੌਰ ’ਤੇ ਖਤਮ ਕਰਨ ਲਈ ਪ੍ਰਾਈਵੇਟ ਬੱਸਾਂ ਦੇ ਪਰਮਿਟਾਂ ਨੂੰ 5-5 ਗੁਣਾ ਵਧਾ ਦਿੱਤਾ ਗਿਆ। ਸ੍ਰੀ ਚੱਢਾ ਨੇ ਦੱਸਿਆ ਕਿ ਹਾਈ ਕੋਰਟ ਨੇ ਦਸੰਬਰ, 2012 ਦੇ ਫ਼ੈਸਲੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਦੇਣ ਦੇ ਪਰਮਿਟਾਂ ’ਚ ਇਹ ਗੈਰਕਨੂੰਨੀ ਵਾਧੇ ਸਰਕਾਰੀ ਬੱਸਾਂ ਨੂੰ ਖਤਮ ਕਰਨ ਵਾਲੇ ਹਨ। ਅੱਜ ਤੱਕ ਨਾ ਤਾਂ 5000 ਨਾਜਾਇਜ਼ ਪਰਮਿਟਾਂ ’ਤੇ ਨਾ ਹੀ ਇਨ੍ਹਾਂ ਪਰਮਿਟਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਕਾਰਜਕਾਲ ਵੀ ਲਗਭਗ ਪੂਰਾ ਹੋ ਗਿਆ ਹੈ ਪਰ ਇਹ ਲੁੱਟ ਜਾਰੀ ਹੈ। ‘ਆਪ’ ਆਗੂ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਅਜਿਹੇ ਹਜ਼ਾਰਾਂ ਪਰਮਿਟ ਤੁਰੰਤ ਰੱਦ ਕਰਨ, ਜ਼ਿੰਮੇਵਾਰ ਅਫ਼ਸਰਾਂ ਅਤੇ ਸਿਆਸੀ ਨੁਮਾਇੰਦਿਆਂ ’ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ।