Punjab

ਫ਼ੋਜਾ ਸਿੰਘ ਸਰਾਰੀ ਮਾਮਲਾ : ਵਿਰੋਧੀ ਧਿਰਾਂ ਵੱਲੋਂ ਗ੍ਰਿਫ਼ਤਾਰੀ ਦੀ ਮੰਗ ’ਤੇ ਆਪ ਨੇ ਦਿੱਤੀ ਇਹ ਸਫ਼ਾਈ

ਚੰਡੀਗੜ੍ਹ :  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਅਸਤੀਫਾ ਦਿੱਤੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਇੱਕ ਪੋਸਟ ਵਿੱਚ ਬਾਦਲ ਨੇ ਪੰਜਾਬ ਸਰਕਾਰ ਨੂੰ ਸਰਕਾਰ ਨੂੰ ਆਡੀਓ ਟੇਪ ਸਕੈਂਡਲ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਸਿਰਫ ਅਸਤੀਫੇ ਨਾਲ ਪੰਜਾਬੀ ਸੰਤੁਸ਼ਟ ਨਹੀਂ ਹੋ ਸਕਦੇ। ਫੌਜਾ ਸਿੰਘ ਸਰਾਰੀ ਨੂੰ ਭ੍ਰਿਸ਼ਟ ਬੰਦਾ ਦੱਸਦਿਆਂ ਬਾਦਲ ਨੇ ਮੰਗ ਕੀਤੀ ਹੈ ਕਿ ਰਾਜ ਦਾ ਜਨਤਕ ਨੁਮਾਇੰਦਾ ਹੋਣ ਦੇ ਨਾਤੇ ਉਸਦੇ ਭ੍ਰਿਸ਼ਟ ਕੰਮਾਂ ਦੀ ਸਜ਼ਾ ਦਿੱਤੀ ਜਾਵੇ।

ਭ੍ਰਿਸ਼ਟਾਚਾਰ ਸੰਬੰਧੀ ਆਡੀਓ ਵਾਇਰਲ ਹੋਣ ਦੇ ਮਹੀਨਿਆਂ ਬਾਅਦ ਅਸਤੀਫਾ ਦੇਣ ਦੀ ਅੰਦਰਖਾਤੇ ਸੈਟਿੰਗ ਕਰਨਾ ਇਹ ਸਾਬਤ ਕਰਦਾ ਹੈ ਕਿ ‘ਆਪ’ ਸਰਕਾਰ ਸਰਾਰੀ ਨਾਲ ਸਾਰੇ ਕਾਂਡ ਵਿੱਚ ਸਾਥੀ ਹੈ। ਸਿਰਫ ਗ੍ਰਿਫਤਾਰੀ ਹੀ ਉਸ ਦੁਆਰਾ ਵਸੂਲੀ ਗਈ ਰਕਮ ਦੀ ਮਾਤਰਾ ਦਾ ਪਤਾ ਲਗਾ ਸਕਦੀ ਹੈ।

ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਸਬੰਧ ਵਿੱਚ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਇਹ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਦੇ ਦੋਸ਼ੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਜਲਦੀ ਜਾ ਬਾਅਦ ਵਿੱਚ ਬਰਖਾਸਤ ਕਰਨਾ ਹੋਵੇਗਾ ਅਤੇ ਅੱਜ ਅਜਿਹਾ ਹੀ ਹੋਇਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ‘ਆਪ’ ਦੇ 2 ਮੰਤਰੀਆਂ ਦੇ ਅਸਤੀਫੇ ਤੋਂ ਇਹ ਸਾਬਤ ਹੁੰਦਾ ਹੈ ਕਿ ਆਪ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਬਿਹਤਰ ਨਹੀਂ।

ਆਪਣੇ ਇਸ ਟਵੀਟ ਦੇ ਨਾਲ ਉਹਨਾਂ ਆਪਣੀ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ ਹੈ,ਜਿਸ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਫੌਜਾ ਸਿੰਘ ਸਰਾਰੀ ਨੂੰ ਆਖਰਕਾਰ ਕੈਬਨਿਟ ਵਿੱਚੋਂ ਕਢਣਾ ਹੀ ਪਵੇਗਾ।

ਫੌਜਾ ਸਿੰਘ ਸਰਾਰੀ ਦੇ ਕੈਬਨਿਟ ਵਿੱਚੋਂ ਬਾਹਰ ਹੋ ਜਾਣ ਤੋਂ ਬਾਅਦ ਸਰਕਾਰ ਵੱਲੋਂ ਨਵੇਂ ਮੰਤਰੀ ਨੂੰ ਸ਼ਾਮਲ ਕੀਤੇ ਜਾਣ ਦੀਆਂ ਖ਼ਬਰਾਂ ‘ਤੇ ਵਿਰਾਮ ਲਾਉਂਦੇ ਹੋਏ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਸ ਸਬੰਧੀ ਕਿਹਾ ਹੈ ਕਿ ਇਸ ਬਾਰੇ ਮੁੱਖ ਮੰਤਰੀ ਦਾ ਫੈਸਲਾ ਆਖਰੀ ਹੋਵੇਗਾ। ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਵਿਧਾਇਕ ਬਲਬੀਰ ਸਿੰਘ ਦਾ ਨਾਮ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ,ਜਿਵੇਂ ਉਹਨਾਂ ਪਹਿਲਾਂ ਹੀ ਕਿਹਾ ਹੈ ਕਿ ਮੁੱਖ ਮੰਤਰੀ ਹੀ ਇਸ ਬਾਰੇ ਆਖਰੀ ਫੈਸਲਾ ਲੈਣਗੇ।

ਮਾਲਵਿੰਦਰ ਸਿੰਘ ਕੰਗ, ਬੁਲਾਰਾ ਆਪ ਪਾਰਟੀ

ਵਿਰੋਧੀ ਧਿਰਾਂ ਵੱਲੋਂ ਸਵਾਲ ਕੀਤੇ ਜਾਣ ‘ਤੇ ਉਹਨਾਂ ਕਿਹਾ ਹੈ ਕਿ ਇਹ ਗੱਲਾਂ ਉਹ ਕਰ ਰਹੇ ਹਨ,ਜਿਹਨਾਂ ਨੇ ਖੁਦ ਬੇਇਮਾਨੀ ਕਰਕੇ ਮਹਿਲ ਖੜੇ ਕੀਤੇ ਹਨ ਤੇ ਜਿਹਨਾਂ ਦੀ ਅੱਧੀ ਸਾਬਕਾ ਕੈਬਨਿਟ ਜੇਲ੍ਹ ਵਿੱਚ ਹੈ। ਇਹਨਾਂ ਦਾ ਜੋ ਹਸ਼ਰ ਪੰਜਾਬ ਦੇ ਲੋਕਾਂ ਨੇ ਕੀਤਾ ਹੈ,ਉਹ ਸਾਰਿਆਂ ਦੇ ਸਾਹਮਣੇ ਹੈ।

ਮੰਤਰੀ ਸਰਾਰੀ ਦੇ ਅਸਤੀਫੇ ‘ਤੇ ਕੰਗ ਨੇ ਕਿਹਾ ਹੈ ਕਿ ਸਰਾਰੀ ਇੱਕ ਜਿੰਮੇਵਾਰ ਵਿਅਕਤੀ ਹਨ ਤੇ ਉਹਨਾਂ ਦੇ ਇਸ ਫੈਸਲੇ ਦਾ ਪਾਰਟੀ ਸੁਆਗਤ ਕਰਦੀ ਹੈ ਤੇ ਉਮੀਦ ਹੈ ਕਿ ਉਹ ਪਾਰਟੀ ਲਈ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ।