India Punjab

‘ਆਪ’ ਨੇ CM ਚਿਹਰੇ ਲਈ ਲੋਕਾਂ ਨੂੰ ਦਿੱਤਾ ਫੋਨ ਨੰਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਲਈ ਇੱਕ ਨੰਬਰ 70748-70748 ਜਾਰੀ ਕੀਤਾ ਹੈ। ਇਸ ਨੰਬਰ ਰਾਹੀਂ ਆਪ ਵੱਲੋਂ ਪੰਜਾਬ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਏ ਮੰਗੀ ਗਈ ਹੈ। ਆਮ ਲੋਕ ਇਸ ਨੰਬਰ ‘ਤੇ ਐੱਸਐੱਮਐੱਸ (SMS) ਕਰਕੇ, ਵੱਟਸਐਪ ਕਰਕੇ ਜਾਂ ਫੋਨ ਕਰਕੇ ਸੰਦੇਸ਼ ਭੇਜ ਸਕਦੇ ਹਨ ਕਿ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰਾ ਛੋਟਾ ਭਰਾ ਹੈ ਅਤੇ ਪਾਰਟੀ ਦੇ ਵੱਡੇ ਨੇਤਾ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਹਾਂ ਪਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ ਨੰਬਰ ‘ਤੇ ਲੋਕ ਮੈਸੇਜ, ਫੋਨ ਕਰਕੇ ਆਪਣਾ ਮਨ-ਪਸੰਦ ਦਾ ਸੀਐੱਮ ਚਿਹਰੇ ਬਾਰੇ ਆਪਣੀ ਰਾਏ ਭੇਜ ਸਕਦੇ ਹਨ ਅਤੇ ਉਸ ਡਾਟੇ ਦੇ ਆਧਾਰ ‘ਤੇ ਨਤੀਜਾ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ। ਲੋਕ ਮੁੱਖ ਮੰਤਰੀ ਦਾ ਚਿਹਰਾ ਚੁਣਨਗੇ, ਉਮੀਦਵਾਰ ਨਹੀਂ। ਮਾਨ ਨੇ ਕਿਹਾ ਕਿ ਮੇਰੀ ਭਾਵੇਂ ਕੰਧਾਂ ‘ਤੇ ਪੋਸਟਰ ਚਿਪਕਾਉਣ ਦੀ ਡਿਊਟੀ ਹੀ ਕਿਉਂ ਨਾ ਲਾ ਦਿੱਤੀ ਜਾਵੇ, ਭਾਵੇਂ ਕਿਸੇ ਸ਼ਹਿਰ ਦੇ ਚੌਂਕ ਵਿੱਚ ਖੜ ਕੇ ਝਾੜੂ ਲਹਿਰਾਉਣ ਦੀ ਲਾ ਦਿੱਤੀ ਜਾਵੇ, ਮੈਂ ਉਹ ਵੀ ਕਰਾਂਗਾ ਕਿਉਂਕਿ ਮੇਰੇ ਲਈ ਪੰਜਾਬ ਬਹੁਤ ਜ਼ਰੂਰੀ ਹੈ।

ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਦੌੜ ਵਿੱਚ ਸ਼ਾਮਿਲ ਨਹੀਂ ਹੋਵੇਗਾ। ਦਰਅਸਲ, ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਜੇ ਜਨਤਾ ਨੇ ਤੁਹਾਡਾ ਨਾਂ ਸਾਹਮਣੇ ਲਿਆਂਦਾ ਤਾਂ ਕੀ ਤੁਸੀਂ ਚੋਣ ਲੜੋਗੇ ਤਾਂ ਕੇਜਰੀਵਾਲ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗਾ।