‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਤੇ ਕੱਲ੍ਹ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਦਿੱਲੀ ਤੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 10 ਮਈ ਨੂੰ ਮੁਕੱਰਰ ਕਰ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੇ ਰਹਿਣ ਪਿੱਛੋਂ ਭਾਜਪਾ ਆਗੂ ਬੱਗਾ ਦੇਰ ਰਾਤ ਨੂੰ ਅਦਾਲਤ ਵਿੱਚੋਂ ਆਪਣੇ ਘਰ ਲਈ ਚਲੇ ਗਏ। ਦਿੱਲੀ ਪੁਲਿਸ ਵੱਲੋਂ ਦੇਰ ਰਾਤ ਨੂੰ ਤਜਿੰਦਰ ਬੱਗਾ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਜਿਸਟ੍ਰੇਟ ਦੇ ਸਾਹਮਣੇ ਭਾਜਪਾ ਆਗੂ ਬੱਗਾ ਨੇ ਕਿਹਾ ਕਿ ਉਹ ਘਰ ਜਾਣਾ ਚਾਹੁੰਦੇ ਹਨ। ਇਸ ਉੱਤੇ ਅਦਾਲਤ ਨੇ ਉਨ੍ਹਾਂ ਨੂੰ ਛੱਡਣ ਦੇ ਨਾਲ ਦਿੱਲੀ ਪੁਲਿਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ। ਭਾਜਪਾ ਆਗੂ ਬੱਗਾ ਸੋਮਵਾਰ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਾਉਣਗੇ। ਮਿਲੀ ਜਾਣਕਾਰੀ ਅਨੁਸਾਰ ਮੈਡੀਕਲ ਰਿਪੋਰਟ ਵਿੱਚ ਬੱਗਾ ਦੇ ਹੱਥ ਅਤੇ ਮੋਢੇ ਉਤੇ ਸੱਟ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ।
ਬੀਤੇ ਦਿਨ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਲਿਆ ਸੀ ਅਤੇ ਹਾਈਕੋਰਟ ਨੇ ਇਸ ਮਾਮਲੇ ਵਿੱਚ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਬੱਗਾ ਨੂੰ ਘਰ ਭੇਜ ਦਿੱਤਾ ਸੀ। ਪੰਜਾਬ ਸਰਕਾਰ ਨੇ ਹਾਈਕੋਰਟ ਦਾ ਰੁਖ ਕੀਤਾ ਸੀ ਪਰ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਬੱਗਾ ਨੂੰ ਹਰਿਆਣਾ ਵਿੱਚ ਰੱਖਣ ਦੀ ਮੰਗ ਠੁਕਰਾ ਦਿੱਤੀ ਸੀ। ਇਸ ਦੇ ਨਾਲ ਹੀ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਆਮ ਆਦਮੀ ਪਾਰਟੀ ਨੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਖ਼ਲ ਮੰਗਿਆ ਸੀ। ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦਿੱਲੀ ਦੇ ਜਨਕਪੁਰੀ ਥਾਣੇ ਵਿੱਚ ਬੱਗਾ ਦੇ ਵਾਰੰਟ ਲੈ ਕੇ ਗਈ ਸੀ ਤਾਂ ਦੇਸ਼ ਦੇ ਗ੍ਰਹਿ ਮੰਤਰੀ ਦੀਆਂ ਹਦਾਇਤਾਂ ਉੱਤੇ ਅਫ਼ਸਰਾਂ ਨੂੰ ਉੱਥੇ ਬਿਠਾ ਲਿਆ ਗਿਆ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲਿਸ ਦੇ ਡੀਐਸਪੀ ਕੁਲਜਿੰਦਰ ਸਿੰਘ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਡੀਐੱਸਪੀ ਕੁਲਜਿੰਦਰ ਸਿੰਘ ਦੇ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਨਾਲ ਸੰਬੰਧ ਰਹੇ ਹਨ। ਡੀਐਸਪੀ ਨੂੰ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸਰਪ੍ਰਸਤੀ ਹੈ।