Punjab

ਆਪ ਨੇ ਛੱਡੇ ਭਾਜਪਾ ਵੱਲ ਤਿੱਖੇ ਸਿਆਸੀ ਤੀਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਡਰਾਮੇ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਖੁੱਲ ਕੇ ਵਰੀ ਹੈ। ਆਮ ਆਦਮੀ ਪਾਰਟੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਦਾਇਤਾਂ ਉੱਤੇ ਬੱਗਾ ਨੂੰ ਦਿੱਲੀ ਫੜਨ ਗਈ ਪੰਜਾਬ ਪੁਲਿਸ ਨੂੰ ਥਾਣੇ ਵਿੱਚ ਬਿਠਾਉਣ ਦਾ ਦੋਸ਼ ਲਾਇਆ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅਪਰਾਧੀ ਬਿਰਤੀ ਵਾਲੇ ਬਦਮਾਸ਼ ਨੂੰ ਭਾਜਪਾ ਨੇ ਬਚਾ ਕੇ ਦੇਸ਼ ਵਾਸੀਆਂ ਲਈ ਨਵਾਂ ਸੰਕਟ ਖੜਾ ਕੀਤਾ ਹੈ ਕਿਉਂਕਿ ਵੱਖ ਵੱਖ ਸੂਬਿਆਂ ਵਿੱਚ ਦੰਗੇ ਕਰਾਉਣ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਉਸਦੇ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਦਖਲ ਲਈ ਦਰਵਾਜ਼ਾ ਖੜਕਾਇਆ।

ਆਪ ਦੇ ਮੁੱਖ ਬੁਲਾਰੇ ਨੇ ਸਰਕਾਰ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੰਜ ਵਾਰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹਨੇ ਪਰਵਾਹ ਨਹੀਂ ਕੀਤੀ। ਇਸ ਤੋਂ ਬਾਅਦ ਜਦੋਂ ਪੁਲਿਸ ਉਸਨੂੰ ਦਿੱਲੀ ਗ੍ਰਿਫਤਾਰ ਕਰਨ ਲਈ ਗਈ ਤਾਂ ਉੱਥੋਂ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਅਫ਼ਸਰਾਂ ਖਿਲਾਫ਼ ਅਗਵਾ ਦਾ ਪਰਚਾ ਦਰਜ ਕਰਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਵੀ ਉਸਨੂੰ ਰਾਹ ਵਿੱਚੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਉੱਤੇ ਰੋਕਿਆ ਗਿਆ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ ਵੀ ਉਸ ਸ਼ਖਸ ਦੇ ਬਚਾਅ ਉੱਤੇ ਆ ਗਈ ਹੈ ਜਿਹੜਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਡਾਂਸਰ ਦੇ ਨਾਂ ਨਾਲ ਭੰਡਦਾ ਰਿਹਾ ਹੈ। ਆਪ ਨੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਸੰਵਿਧਾਨ ਵਿੱਚ ਰਹਿ ਕੇ ਕੰਮ ਕਰਨ ਦੀ ਨਸੀਹਤ ਦਿੰਦਿਆਂ ਭਵਿੱਖ ਵਿੱਚ ਭਾਰੀ ਵਿਰੋਧ ਦੀ ਚਿਤਾਵਨੀ ਦਿੱਤੀ ਹੈ।