‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਬੀਜੇਪੀ ਨੇ ਬਹੁਮੱਤ ਹਾਸਿਲ ਕਰਨ ਲਈ ਖਰੀਦੋ ਫਰੋਖਤ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪ ਦੇ ਜਿੱਤੇ ਹੋਏ ਕਾਊਂਸਲਰਾਂ ਦੇ ਨਾਲ ਬੀਜੇਪੀ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਵੱਲੋਂ ਆਪ ਦੇ ਦੋ ਕਾਊਂਸਲਰਾਂ ਨੂੰ 50 ਲੱਖ ਰੁਪਏ ਅਤੇ ਇੱਕ ਨੂੰ 75 ਲੱਖ ਰੁਪਏ ਦਾ ਆਫਰ ਦਿੱਤਾ ਗਿਆ ਹੈ। ਸਾਡੇ 14 ਵਿੱਚੋਂ 3 ਕਾਊਂਸਲਰਾਂ ਦੇ ਨਾਲ ਬੀਜੇਪੀ ਵੱਲੋਂ ਸੰਪਰਕ ਕੀਤਾ ਗਿਆ ਹੈ। ਚੱਢਾ ਨੇ ਕਿਹਾ ਕਿ ਆਪ ਆਪਣੇ ਸਾਰੇ ਸਿਟੀ ਕਾਊਂਸਲਰਾਂ ਦੇ ਘਰਾਂ ਵਿੱਚ ਸੀਕਰੇਟ ਕੈਮਰੇ ਲਗਵਾ ਰਹੀ ਹੈ ਅਤੇ ਨਾਲ ਹੀ ਸਾਰੇ ਕਾਊਂਸਲਰ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਸਾਰੇ ਆਪਣਾ ਫੋਨ ਰਿਕਾਰਡਿੰਗ ਉੱਤੇ ਲਗਾ ਦੇਵੇ। ਚੰਡੀਗੜ੍ਹ ਦੇ ਲੋਕਾਂ ਨੇ ਬੀਜੇਪੀ ਨੂੰ ਹਰਾਉਣ ਲਈ ਆਪ ਨੂੰ ਵੋਟ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਬੀਜੇਪੀ ਅਧਿਕਾਰੀ ਉਨ੍ਹਾਂ ਦੇ ਘਰ ਆਵੇਗਾ ਤਾਂ ਅਸੀਂ ਉਸਨੂੰ ਸੀਕਰੇਟ ਕੈਮਰੇ ਦੇ ਰਾਹੀਂ ਫੜ ਲਵਾਂਗੇ। ਅਸੀਂ ਬੀਜੇਪੀ ਨੂੰ ਤਾੜਨਾ ਕਰਦੇ ਹਾਂ ਕਿ ਉਹ ਕੇਜਰੀਵਾਲ ਦੇ ਪਰਿਵਾਰ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਉਸਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ। ਖੁਦ ਵੱਡੇ-ਵੱਡੇ ਕੇਂਦਰੀ ਮੰਤਰੀ ਸਾਡੇ ਕਾਊਂਸਲਰਾਂ ਨੂੰ ਫੋਨ ਕਰਕੇ ਲਾਲਚ ਦੇ ਰਹੇ ਹਨ। ਮੈਨਡੇਟ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪੂਰੇ ਆਪਰੇਸ਼ਨ ਵਿੱਚ ਬੀਜੇਪੀ ਦੇ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ ਖੁਦ ਮੌਜੂਦ ਹਨ। ਉਹ ਖੁਦ ਸਾਡੇ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲਵਾਉਣ ਲਈ ਫੋਨ ਕਰ ਰਹੇ ਹਨ। ਚੱਢਾ ਨੇ ਕਿਹਾ ਕਿ ਜੇ ਬੀਜੇਪੀ ਨੇ ਹੁਣ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਸਾਡੇ ਲੋਕਾਂ ਨਾਲ ਗੱਲ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਨ੍ਹਾਂ ਦੇ ਫੋਨਾਂ ਨੂੰ ਰਿਕਾਰਡ ਕਰਾਂਗੇ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ। ਬੀਜੇਪੀ ਦੇ ਇਸ ਕਾਰਨਾਮੇ ਲਈ ਅਸੀਂ ਅਦਾਲਤ ਵਿੱਚ ਵੀ ਜਾ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਅਸੀਂ ਇਹ ਕਾਰਵਾਈ ਜਨਤਾ ਦੀ ਅਦਾਲਤ ਵਿੱਚ ਰੱਖ ਰਹੇ ਹਾਂ। ਅੱਜ ਮੈਂ ਸਾਰੇ ਲੀਡਰਾਂ ਦਾ ਨਾਂ ਨਹੀਂ ਦੱਸਾਂਗਾ।