India

‘ਆਪ’ ਦੀ ਡਾ. ਸ਼ੈਲੀ ਓਬਰਾਏ ਦੁਬਾਰਾ ਬਣੀ ਦਿੱਲੀ ਦੀ ਮੇਅਰ,ਬਿਨਾਂ ਵਿਰੋਧ ਜਿੱਤੀ ਚੋਣ

ਦਿੱਲੀ : ਦਿੱਲੀ ਦੇ ਮੇਅਰ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾਕਟਰ ਸ਼ੈਲੀ ਓਬਰਾਏ ਨੂੰ ਬਿਨਾਂ ਮੁਕਾਬਲਾ ਮੇਅਰ ਚੁੱਣ ਲਿਆ ਗਿਆ ਹੈ। ਮੇਅਰ ਦੀ ਚੋਣ ਲਈ ਮੌਜੂਦਾ ਮੇਅਰ ਓਬਰਾਏ ਅਤੇ ਭਾਜਪਾ ਦੀ ਸ਼ਿਖਾ ਰਾਏ ਨੇ ਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।

ਇਸ ਤੋਂ ਪਹਿਲਾਂ ਸ਼ੈਲੀ ਓਬਰਾਏ 22 ਫਰਵਰੀ ਨੂੰ ਦਿੱਲੀ ਦੀ ਮੇਅਰ ਚੁਣੀ ਗਈ ਸੀ। ਉਸ ਵੇਲੇ ਉਨ੍ਹਾਂ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ੈਲੀ ਨੂੰ 150 ਵੋਟਾਂ ਮਿਲੀਆਂ, ਜਦੋਂ ਕਿ ਰੇਖਾ ਨੂੰ ਕੁੱਲ 266 ਵੋਟਾਂ ਵਿੱਚੋਂ 116 ਵੋਟਾਂ ਮਿਲੀਆਂ।ਦਿੱਲੀ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਸ਼ੈਲੀ ਓਬਰਾਏ ਨੇ ਦੁਬਾਰਾ ਮੇਅਰ ਦਾ ਉਮੀਦਵਾਰ ਬਣਾਉਣ ਲਈ ਮੁੱਖ ਮੰਤਰੀ ਕੇਜਰੀਵਾਲ, ਕੌਂਸਲਰਾਂ ਅਤੇ ਜਨਤਾ  ਦਾ ਧੰਨਵਾਦ ਕੀਤਾ ਸੀ।

ਭਾਜਪਾ ਨੇ ਦਿੱਲੀ ਨਗਰ ਨਿਗਮ ਮੇਅਰ ਅਤੇ ਮੇਅਰ ਚੋਣਾਂ ਤੋਂ ਹਟਣ ਦਾ ਫੈਸਲਾ ਕੀਤਾ ਸੀ। ਪਾਰਟੀ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਸਥਾਈ ਕਮੇਟੀਆਂ ਅਤੇ ਵਾਰਡ ਕਮੇਟੀਆਂ ਦਾ ਗਠਨ ਨਹੀਂ ਹੋਣ ਦੇ ਰਹੀ, ਜਿਸ ਕਾਰਨ ਨਗਰ ਨਿਗਮ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਭਾਜਪਾ ਨੇ ਸ਼ਿਖਾ ਰਾਏ ਨੂੰ ਮੇਅਰ ਅਤੇ ਸੋਨੀ ਪਾਂਡੇ ਨੂੰ ਡਿਪਟੀ ਮੇਅਰ ਲਈ ਨਾਮਜ਼ਦ ਕੀਤਾ ਸੀ।