ਮੁਹਾਲੀ : ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਚਿੱਠੀ ਲਿਖ ਕੇ ਇਕ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਰਚੇ ਦੇ ਮੰਚ ’ਤੇ ਕਿਸੇ ਵੀ ਤਰੀਕੇ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਇਸ ਮੰਚ ਤੋਂ ਸਿਰਫ ਬੇਅਦਬੀਆਂ, ਕੋਟਕਪੁਰਾ ਫਾਇਰਿੰਗ, 328 ਸਰੂਪਾਂ ਦੇ ਮਾਮਲੇ ਆਦਿ ਹੀ ਚੁੱਕੇ ਜਾਣ ਤੇ ਕੋਈ ਸਿਆਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ।
ਹਵਾਰਾ ਨੇ ਨਸੀਹਤ ਦਿੰਦਿਆਂ ਮੋਰਚੇ ਨੂੰ ਸਾਵਧਾਨ ਕੀਤਾ ਹੈ ਕਿ ਜਿਵੇਂ ਕੌਮੀ ਇਨਸਾਫ਼ ਮੋਰਚਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਸਰਕਾਰ ਉਸਨੂੰ ਤਾਰਪੀਡੋ ਕਰਨ ਲਈ ਸਰਗਰਮ ਹੋ ਗਈਆਂ ਹਨ। ਉਨ੍ਹਾਂ ਨੇ ਸਿੱਖ ਸੰਗਤ, ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਮੋਰਚੇ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇੱਕ ਹੋਰ ਅਪੀਲ ਭਾਈ ਹਵਾਰਾ ਨੇ ਕੀਤੀ ਹੈ। ਉਨ੍ਹਾਂ ਨੇ ਸੰਗਤ ਨੂੰ ਕਿਹਾ ਕਿ ਮੋਰਚੇ ਦੇ ਮੰਚ ਉੱਤੇ ਭਾਵੇਂ ਕੋਈ ਵੀ ਬੁਲਾਰਾ ਆ ਜਾਵੇ, ਉਸਦਾ ਸਤਿਕਾਰ ਸਹਿਤ ਸਵਾਗਤ ਕਰੋ, ਇਹੀ ਗੁਰੂ ਮਰਿਆਦਾ ਹੈ। ਹਵਾਰਾ ਨੇ 26 ਜਨਵਰੀ ਨੂੰ ਲੱਖਾਂ ਦੀ ਤਾਦਾਦ ਵਿੱਚ ਪਹੁੰਚ ਕੌਮੀ ਮਸਲਿਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸਮੁੱਚੀ ਸੰਗਤ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ।