Punjab

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

A terrible fire broke out in the furniture market of Chandigarh, many shops were burnt to ashes

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਕਈ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਤਬਾਹ ਹੋ ਗਈਆਂ ਹਨ। ਸੈਕਟਰ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਚੰਡੀਗੜ੍ਹ ਪੁਲਿਸ ਮੌਕੇ ਉਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਅੱਗ ਲੱਗਣ ਕਾਰਨ ਕਰੀਬ 6 ਤੋਂ 7 ਦੁਕਾਨਾਂ ਸੜ ਕੇ ਤਬਾਹ ਹੋ ਗਈਆਂ ਹਨ। ਦੁਕਾਨਾਂ ਵਿੱਚ ਪਿਆ ਹੋਇਆ ਸਾਰਾ ਸਾਮਾਨ ਸੜ ਗਿਆ ਹੈ।

ਜਾਣਕਾਰੀ ਮੁਤਾਬਕ ਸੈਕਟਰ-52 ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ ਹੈ। ਇੱਥੇ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ ਹੈ। ਮੰਗਲਵਾਰ ਸਵੇਰੇ ਕਰੀਬ 10 ਵਜੇ ਇੱਥੋਂ ਦੀ ਇਸ ਮਾਰਕੀਟ ਵਿੱਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਲੋਕਾਂ ਨੇ ਬਾਲਟੀਆਂ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਸੜਕ ‘ਤੇ ਰੱਖ ਦਿੱਤਾ ਹੈ। ਅੱਗਜ਼ਨੀ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਾਫੀ ਦੂਰ ਤੱਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸ ਦੇਈਏ ਕਿ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਹਰ ਸਾਲ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਜਾਂਦਾ ਹੈ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

22 ਜੂਨ 2022 ਨੂੰ ਵੀ ਅੱਗ ਲੱਗੀ ਸੀ

ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ ‘ਤੇ ਸੈਕਟਰ-53 ‘ਚ ਬਣੀ ਇਹ ਚੰਡੀਗੜ੍ਹ-ਪੰਚਕੂਲਾ-ਮੋਹਾਲੀ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਹੈ। ਇੱਥੇ ਜ਼ਿਆਦਾਤਰ ਦੁਕਾਨਾਂ ਟੀਨ ਦੇ ਸ਼ੈੱਡਾਂ ਦੀਆਂ ਬਣੀਆਂ ਹੋਈਆਂ ਹਨ। ਦੂਜੇ ਰਾਜਾਂ ਤੋਂ ਵੀ ਲੋਕ ਇੱਥੇ ਖਰੀਦਦਾਰੀ ਲਈ ਆਉਂਦੇ ਹਨ ਅਤੇ ਇੱਥੇ ਰੋਜ਼ਾਨਾ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। 22 ਜੂਨ 2022 ਨੂੰ ਸ਼ਾਮ ਕਰੀਬ 4 ਵਜੇ ਇਸ ਮਾਰਕੀਟ ਵਿੱਚ ਅੱਗ ਲੱਗ ਗਈ।

ਉਸ ਸਮੇਂ ਇੱਕ ਦੁਕਾਨ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਅੱਗ ਭੜਕ ਗਈ ਅਤੇ ਕੁਝ ਹੀ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ 9 ਤੋਂ 10 ਦੁਕਾਨਾਂ ਵਿੱਚ ਫੈਲ ਗਈ। ਇਨ੍ਹਾਂ ਵਿੱਚ ਰੱਖਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਅਤੇ ਮੁਹਾਲੀ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿੱਚੋਂ ਸਾਮਾਨ ਕੱਢ ਕੇ ਆਪਣਾ ਬਚਾਅ ਕੀਤਾ।