International

ਥਾਈਲੈਂਡ ‘ਚ ਸਕੂਲ ਬੱਸ ਨੂੰ ਲੱਗੀ ਅੱਗ, 25 ਵਿਦਿਆਰਥੀਆਂ ਦੀ ਮੌਤ

ਥਾਈਲੈਂਡ ਵਿੱਚ ਇੱਕ ਸਕੂਲ ਬੱਸ ਵਿੱਚ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਬੱਸ ਵਿੱਚ 44 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 16 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਬਚਾਅ ਕਰਮਚਾਰੀ ਬਾਕੀ ਬਚੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਅੱਗ ਦੀ ਗਰਮੀ ਕਾਰਨ ਉਹ ਬੱਸ ਦੇ ਅੰਦਰ ਦਾਖਲ ਨਹੀਂ ਹੋ ਸਕੇ।

ਬੱਸ ਬੱਚਿਆਂ ਅਤੇ ਅਧਿਆਪਕਾਂ ਨੂੰ ਲੈ ਕੇ ਉੱਤਰੀ ਸੂਬੇ ਉਥਾਈ ਥਾਨੀ ਤੋਂ ਵਾਪਸ ਆ ਰਹੀ ਸੀ। ਦੇਸ਼ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ, “ਉਹ ਦੇਖਣਗੇ ਕਿ ਬੱਸ ਸੀਐਨਜੀ ‘ਤੇ ਚੱਲ ਰਹੀ ਸੀ ਜਾਂ ਨਹੀਂ।” ਉਨ੍ਹਾਂ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਕਿਹਾ, ”ਇਹ ਬਹੁਤ ਦਰਦਨਾਕ ਹਾਦਸਾ ਹੈ।

ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦਾ ਟਾਇਰ ਫਟਣ ਕਾਰਨ ਅੱਗ ਲੱਗੀ ਹੈ। ਰਾਇਟਰਜ਼ ਮੁਤਾਬਕ ਇਹ ਹਾਦਸਾ ਬੈਂਕਾਕ ਦੇ ਖੂ ਖੋਤ ਇਲਾਕੇ ‘ਚ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਵਾਪਰਿਆ। ਬੱਸ ਸਕੂਲ ਦੀ ਯਾਤਰਾ ਤੋਂ ਵਾਪਸ ਆ ਰਹੀ ਸੀ। ਬੱਸ ਵਿੱਚ 3 ਤੋਂ 15 ਸਾਲ ਤੱਕ ਦੇ ਬੱਚੇ ਮੌਜੂਦ ਸਨ। ਇਸ ਤੋਂ ਇਲਾਵਾ ਉਸ ਦੇ ਨਾਲ 5 ਅਧਿਆਪਕ ਵੀ ਸਵਾਰ ਸਨ।