ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਬਕਾਰੀ ਨੀਤੀ ਤੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਾਂਗ ਪੰਜਾਬ ਵਿੱਚ ਆਬਕਾਰੀ ਨੀਤੀ ਵਿੱਚ ਵੱਡਾ ਘਪਲਾ ਹੋਇਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬਾਦਲ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਨੀਤੀ ਦੀ ਜਾਂਚ ਹੋਣ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ‘ਤੇ ਸੀਬੀਆਈ ਨੇ ਕੇਸ ਦਰਜ ਕੀਤਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਪਿੱਛੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਦੀ ਤਰਜ਼ ਉੱਤੇ ਬਣੀ ਹੈ। ਇਸਲਈ ਘਪਲੇ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਤਰਾਂ ਪੰਜਾਬ ਦੀ ਆਬਕਾਰੀ ਨੀਤੀ ਵਿੱਚ ਵੀ ਘਪਲਾ ਹੋਇਆ ਹੈ। ਕਿਉਂਕਿ ਇੱਥੇ ਦੀ ਨੀਤੀ ਵੀ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਨੀਤੀ ਦੀ ਤਰਜ਼ ‘ਤੇ ਬਣਾਈ ਹੈ। ਇਸ ਸਬੰਧ ਵਿੱਚ ਸਾਰੇ ਅਫ਼ਸਰਾਂ ਦੀ ਮੀਟਿੰਗ ਵੀ ਸਿਸੋਦੀਆ ਦੇ ਘਰ ਵਿੱਚ ਹੋਈ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਕੁੱਲ 500 ਕਰੋੜ ਦਾ ਘਪਲਾ ਹੋਇਆ ਹੈ ਤੇ ਜੇਕਰ ਦਿੱਲੀ ਵਿੱਚ ਇਸ ਸਬੰਧ ਵਿੱਚ ਕੇਸ ਚੱਲ ਸਕਦੇ ਆ ਤਾਂ ਪੰਜਾਬ ਵਿੱਚ ਕਿਉਂ ਨਹੀਂ? ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ L1 ਕੈਟਾਗਿਰੀ ਦੇ ਲਾਇਸੈਂਸ ਹੋਲਡਰ ਦਾ ਮੁਨਾਫ਼ਾ 5 ਫ਼ੀਸਦੀ ਤੋਂ ਵਧ ਕੇ 10 ਫ਼ੀਸਦੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਲਏ ਗਏ ਹਨ ,ਜਿਨ੍ਹਾਂ ਦਾ ਮੁਨਾਫ਼ਾ ਵਧ ਗਿਆ। ਜਿਸ ਕੰਪਨੀ ਨੂੰ ਦਿੱਲੀ ਵਿੱਚ L1 ਲਾਇਸੈਂਸ ਦਿੱਤਾ ਗਿਆ ਸੀ, ਉਸੇ ਕੰਪਨੀ ਨੂੰ ਪੰਜਾਬ ਵਿੱਚ ਵੀ ਲਾਇਸੈਂਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਬਕਾਰੀ ਨੀਤੀ ਦੀ ਜਾਂਚ ਈਡੀ ਅਤੇ ਸੀਬੀਆਈ ਤੋਂ ਕਰਵਾਈ ਜਾਵੇ, ਇਹ ਮੰਗ ਰਾਜਪਾਲ ਨੂੰ ਕੀਤੀ ਗਈ ਹੈ।

ਐਸਆਈਟੀ ਦੇ ਜਾਰੀ ਸੰਮਨ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ‘ਜਿੰਨੇ ਵੀ ਸੰਮਨ ਭੇਜੇ ਗਏ ਹਨ, ਉਦੋਂ ਮੈਂ ਵਿਦੇਸ਼ ਵਿੱਚ ਸੀ, ਇਸ ਕਰਕੇ ਮੈਨੂੰ ਸੰਮਨ ਮਿਲੇ ਹੀ ਨਹੀਂ ਪਰ ਮੈਂ ਜਾਂਚ ਲਈ ਤਿਆਰ ਹਾਂ। ਮੇਰੀ 30 ਤਰੀਕ ਨੂੰ ਜ਼ੀਰਾ ਦੀ ਅਦਾਲਤ ਵਿੱਚ ਪੇਸ਼ੀ ਸੀ। ਮੈਂ ਆਪ ਹੀ ਉਨ੍ਹਾਂ ਨੂੰ ਫ਼ੋਨ ਕੀਤਾ ਕਿ ਅੱਜ ਮੇਰੀ ਅਦਾਲਤ ਵਿੱਚ ਤਰੀਕ ਹੈ, ਦੱਸੋ ਅੱਗੇ ਕਦੋਂ ਆਉਣਾ ਹੈ।‘
ਇਸ ਤੋਂ ਬਾਅਦ ਬੇਅਦਬੀ ਸਬੰਧੀ ਪੁੱਛੇ ਗਏ ਇੱਕ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਬੇਅਦਬੀ ਦੀ ਜਾਂਚ ਦੇ ਨਾਂ ਤੇ ਡਰਾਮਾ ਕੀਤਾ ਹੈ ਤੇ ਹੁਣ ਆਪ ਸਰਕਾਰ ਕਰ ਰਹੀ ਹੈ। ਇਹਨਾਂ ਨੇ ਕੋਈ ਵੀ ਇਨਸਾਫ਼ ਨਹੀਂ ਦੇਣਾ ਹੈ।

ਅੰਨਾ ਹਜ਼ਾਰੇ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਿਹੜਾ ਬੰਦਾ ਆਪਣੇ ਗੁਰੂ ਦਾ ਸਨਮਾਨ ਨਹੀਂ ਕਰ ਸਕਦਾ,ਉਸ ਤੋਂ ਹੋਰ ਕੀ ਉਮੀਦ ਕਰੀਏ? ਜੇਕਰ ਕੇਜ਼ਰੀਵਾਲ ਅੱਜ ਮੁੱਖ ਮੰਤਰੀ ਹੈ ਤਾਂ ਸਿਰਫ਼ ਅੰਨਾ ਹਜ਼ਾਰੇ ਕਰ ਕੇ ਹੈ। ਕੇਜਰੀਵਾਲ ਤੇ ਇਸ ਦਾ ਗ੍ਰਹਿ ਮੰਤਰੀ ਸਿਸੋਦੀਆ ਦੋਨੋਂ ਹੁਣ ਜੇਲ੍ਹ ਜਾਣ ਵਾਲੇ ਹਨ ਕਿਉਂਕਿ ਇਹਨਾਂ ਦੇ ਕਾਰਨਾਮੇ ਜੱਗ ਜ਼ਾਹਿਰ ਹੋ ਚੁੱਕੇ ਹਨ ।
ਸੁਖਬੀਰ ਬਾਦਲ ਦੀ ਅਗਵਾਈ ਹੇਠ ਦਾ ਵਫ਼ਦ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪਿਆ ਹੈ ਤੇ ਪੰਜਾਬ ਦੀ ਆਬਕਾਰੀ ਨੀਤੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।